Vaid Nirmal Singh Khosa : ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮਾਛੀਬੁਗਰਾ ਵਾਲੇ ਦੇ ਰਹਿਣ ਵੈਦ ਨਿਰਮਲ ਸਿੰਘ ਖੋਸਾ ਜਿਨ੍ਹਾਂ ਦਾ ਬੀਤੀ 20 ਅਕਤੂਬਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਜੀ ਦੇ ਭੋਗ ਮਿਤੀ 30 ਅਕਤੂਬਰ ਨੂੰ ਦਿਨ ਸ਼ੁੱਕਰਵਾਰ ਨੂੰ ਪਾਏ ਜਾਣਗੇ, ਜਿਸ ਦਾ ਸਮਾਂ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗਾ। ਇਹ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਮਾਛੀਬੁਗਰਾ ਦੇ ਗੁਰਦੁਆਰਾ ਸਾਹਿਬ ਵਿੱਚ ਹੀ ਪਾਏ ਜਾਣਗੇ, ਜਿਸ ਤੋਂ ਬਾਅਦ ਅੰਤਿਮ ਅਰਦਾਸ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਵੈਦ ਨਿਰਮਲ ਸਿੰਘ ਖੋਸਾ ਇਕ ਮਸ਼ਹੂਰ ਵੈਦ ਸਨ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ ਸੀ, ਹਾਲਾਂਕਿ ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਵੀ ਚੱਲ ਰਹੇ ਸਨ। ਉਹ ਇੱਕ ਮੰਨੇ-ਪ੍ਰਮੰਨੇ ਵੈਦ ਸਨ, ਜੋਕਿ ਘਰੇਲੂ ਨੁਸਖਿਆਂ ਨਾਲ ਲੋਕਾਂ ਦਾ ਇਲਾਜ ਕਰਦੇ ਸਨ। ਉਨ੍ਹਾਂ ਨੇ ਆਪਣੇ ਜੀਵਨਕਾਲ ਵਿੱਚ ਕਈ ਮਰੀਜ਼ਾਂ ਨੂੰ ਠੀਕ ਕੀਤਾ ਸੀ।
ਦੱਸਣਯੋਗ ਹੈ ਕਿ ਵੈਦ ਨਿਰਮਲ ਸਿੰਘ ਖੋਸਾ ਅੱਗੇ ਵੱਡੇ-ਵੱਡੇ ਡਾਕਟਰ ਵੀ ਕੁਝ ਨਹੀਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪੈਸੇ ਲਈ ਵੈਦ ਦਾ ਕੰਮ ਨਹੀਂ ਕਰਦੇ ਸਨ। ਉਨ੍ਹਾਂ ਦੇ ਦਾਦਾ ਜੀ ਵੀ ਇਹੀ ਕੰਮ ਕਰਦੇ ਸਨ। ਉਹ ਸਿਰਫ ਅੱਠਵੀਂ ਤੱਕ ਹੀ ਪੜ੍ਹੇ ਹੋਏ ਸਨ ਉਸ ਤੋਂ ਬਾਅਦ ਉਨ੍ਹਾਂ ਨੇ ਚਾਰ ਸਾਲ ਕਿਸੇ ਬ੍ਰਹਮਚਾਰੀ ਕੋਲ ਲਗਾ ਕੇ ਵੈਦ ਦਾ ਕੰਮ ਸਿੱਖਿਆ। ਫਿਰ ਉਹ ਇੱਕ ਸੰਤ ਕੋਲ ਦੋ ਸਾਲ ਲਗਾਏ। ਫਿਰ ਉਨ੍ਹਾਂ ਨੇ ਆਪਣੀ ਤਿੰਨ ਕਿੱਲੇ ਜ਼ਮੀਨ ਵੇਚ ਕੇ ਬਾਘਾਪੁਰਾਣਾ ਵਿੱਚ ਆਪਣੀ ਪੰਸਾਰੀ ਦੁਕਾਨ ਪਾ ਲਈ, ਜਿਥੇ ਕਈ ਵੈਦਾਂ ਦੇ ਸੰਪਰਕ ਵਿੱਚ ਉਹ ਆਏ। ਫਿਰ ਜਦੋਂ ਉਨ੍ਹਾਂ ਨੂੰ ਆਪਣੇ ਆਪ ‘ਤੇ ਯਕੀਨ ਹੋ ਗਿਆ ਕਿ ਹੁਣ ਉਨ੍ਹਾਂ ਨੂੰ ਵੈਦ ਦਾ ਕੰਮ ਪੂਰਾ ਆ ਗਿਆ ਹੈ ਤਾਂ ਉਨ੍ਹਾਂ ਨੇ ਦੁਕਾਨ ਛੱਡ ਦਿੱਤੀ। ਉਨ੍ਹਾਂ ਦੇ ਦਿਹਾਂਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਉਹ ਆਪਣੇ ਪਿੱਛੇ ਇੱਕ ਭਰਿਆ-ਪੂਰਾ ਪਰਿਵਾਰ ਛੱਡ ਕੇ ਗਏ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਧਰਮ ਪਤਨੀ ਪਰਮਜੀਤ ਕੌਰ, ਉਨ੍ਹਾਂ ਦਾ ਪੁੱਤਰ ਗੁਲਲਾਲ ਸਿੰਘ ਖੋਸਾ, ਜੋਕਿ ਖੁਦ ਵੀ ਵੈਦ ਹੈ, ਨੂੰਹ ਮਨਜਿੰਦਰ ਕੌਰ, ਉਨ੍ਹਾਂ ਦੇ ਧੀ-ਜਵਾਈ ਰਮਨਦੀਪ ਕੌਰ, ਸੁਖਦੇਵ ਸਿੰਘ ਅਤੇ ਅਮਨਦੀਪ ਕੌਰ, ਮਨਪ੍ਰੀਤ ਸਿੰਘ, ਪੋਤਰੀ ਗੁਰਸੀਰਤ ਕੌਰ ਤੇ ਪੋਤਰਾ ਗੁਰਮਨ ਸਿੰਘ ਸ਼ਾਮਲ ਹਨ। ਪਰਿਵਾਰਕ ਮੈਂਬਰਾਂ ਲਈ ਵੀ ਉਨ੍ਹਾਂ ਦੀ ਮੌਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।