Verka reduced animal feed prices : ਚੰਡੀਗੜ੍ਹ: ਕੋਵਿਡ-19 ਮਹਾਂਮਾਰੀ ਅਤੇ ਕਰਫਿਊ/ਲੌਕਡਾਊਨ ਕਾਰਨ ਡੇਅਰੀ ਉਦਯੋਗ ਨੂੰ ਕਾਫੀ ਆਰਥਿਕ ਮਾਰ ਝੱਲਣੀ ਪਈ ਹੈ, ਜਿਸ ’ਤੇ ਵੇਰਕਾ ਨੇ ਡੇਅਰੀ ਉਦਯੋਗਾਂ ਨੂੰ ਰਾਹਤ ਦਿੰਦਿਆਂ ਪਸ਼ੂ ਖੁਰਾਕ ਦੇ ਭਾਅ 80-100 ਰੁਪਏ ਪ੍ਰਤੀ ਕੁਇੰਟਲ ਘਟਾ ਦਿੱਤੇ ਹਨ, ਜਿਸ ਨਾਲ ਦੁੱਧ ਉਤਪਾਦਕਾਂ ਨੂੰ ਰੋਜ਼ਾਨਾ ਕਰੀਬ 3 ਲੱਖ ਰੁਪਏ ਦਾ ਵਿੱਤੀ ਫਾਇਦਾ ਹੋਵੇਗਾ। ਇਸ ਦੀ ਜਾਣਕਾਰੀ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਸ਼ੂ ਖੁਰਾਕ ਦੇ ਭਾਅ ਵਿਚ ਕਟੌਤੀ ਕਾਰਨ ਖੁਰਾਕ ਦੀ ਕੁਆਲਟੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਂਦਾ ਜਿਸ ਨਾਲ ਦੁਧਾਰੂ ਪਸ਼ੂਆਂ ਦੀ ਉਤਪਾਦਕਤਾ ਕਾਇਮ ਰਹਿੰਦੀ ਹੈ।
ਰੰਧਾਵਾ ਨੇ ਕਿਹਾ ਕਿ ਦੁੱਧ ਉਤਪਾਦਕ ਵੇਰਕਾ ਦੀ ਤਰੱਕੀ ਦਾ ਮੁੱਖ ਆਧਾਰ ਹਨ ਅਤੇ ਨਾਲ ਹੀ ਖੇਤੀਬਾੜੀ ਦੇ ਸਹਾਇਕ ਧੰਦੇ ਵਜੋਂ ਡੇਅਰੀ ਉਦਯੋਗ ਹੀ ਸਭ ਤੋਂ ਵਧੀਆ ਪ੍ਰਫੁੱਲਿਤ ਹੋਇਆ ਹੈ। ਉਨ੍ਹਾਂ ਦੁੱਧ ਉਤਪਾਦਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੋਵਿਡ ਕਾਰਨ ਸਰਕਾਰੀ ਮਾਲੀਏ ਵਿੱਚ ਆਈ ਭਾਰੀ ਗਿਰਾਵਟ ਦੇ ਬਾਵਜੂਦ ਸੂਬਾ ਸਰਕਾਰ ਕਿਸਾਨਾਂ ਦਾ ਪੂਰਾ ਧਿਆਨ ਰੱਖ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦਾ ਪੂਰਾ ਧਿਆਨ ਰੱਖੇਗੀ। ਮਿਲਕਫੈਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਦੱਸਿਆ ਕਿ ਵੇਰਕਾ ਵਲੋਂ ਡੇਅਰੀ ਕਿਸਾਨਾਂ ਨੂੰ ਤਕਨੀਕੀ ਸੇਵਾਵਾਂ ਵੀ ਉਪਲਬਧ ਕਰਵਾਈਆਂ ਜਾਂਦੀਆਂ ਹਨ ਜਿਵੇ ਕਿ ਡੇਅਰੀ ਕਿਸਾਨਾਂ ਦੇ ਪਸ਼ੂਆਂ ਲਈ ਡਾਕਟਰੀ ਸਹੂਲਤ ਅਤੇ ਸਸਤੀ ਦਵਾਈਆਂ, ਵਧੀਆ ਕੁਆਲਟੀ ਦਾ ਵੀਰਜ, ਮਨਸੂਈ ਗਰਭਦਾਨ ਸੇਵਾਵਾਂ ਅਤੇ ਉੱਚ ਕੁਆਲਟੀ ਦਾ ਬੀਜ ਸਸਤੇ ਰੇਟਾਂ ਤੇ ਪਹੁੰਚਾਇਆ ਜਾਂਦਾ ਹੈ।
ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਇਸ ਮੁਸ਼ਕਲ ਘੜੀ ਵਿਚ ਵੇਰਕਾ ਨੇ ਕਿਸਾਨਾਂ ਦੀ ਬਾਂਹ ਫੜਦਿਆੰ ਉਨ੍ਹਾਂ ਨੂੰ ਆਰਥਿਕ ਪੱਖੋਂ ਸਹਾਰਾ ਦੇਣ ਲਈ ਪਹਿਲਾ ਮਈ ਮਹੀਨੇ ਵਿਚ ਪਸ਼ੂ ਖੁਰਾਕ ਦੇ ਰੇਟ ਘਟਾਏ ਅਤੇ ਹੁਣ ਦੋ ਮਹੀਨਿਆਂ ਬਾਅਦ ਦੂਜੀ ਵਾਰ ਫੇਰ ਰੇਟ ਘਟਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵੇਰਕਾ ਵਲੋਂ ਕਿਸਾਨ ਭਰਾਵਾਂ ਨੂੰ ਦਿਤੀਆਂ ਜਾ ਰਹੀਆਂ ਤਕਨੀਕੀ ਸੇਵਾਵਾਂ ਵੀ ਜਾਰੀ ਰੱਖੀਆਂ ਗਈਆਂ। ਇਹ ਸਾਰਾ ਪ੍ਰਬੰਧ ਵੇਰਕਾ ਵਲੋਂ ਕੋਵਿਡ-19 ਤੋਂ ਬਚਾਵ ਲਈ ਕੇਂਦਰੀ ਅਤੇ ਪੰਜਾਬ ਸਰਕਾਰ ਵਲੋਂ ਸਮੇ- ਸਮੇ ਤੇ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੀਤਾ ਗਿਆ।