Victory of Sikhs in Norway : ਕਪੂਰਥਲਾ : ਨਾਰਵੇ ’ਚ ਸਿੱਖ ਕੌਮ ਲਈ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ ਕਿ ਛੇ ਸਾਲਾਂ ਬਾਅਦ ਸੰਘਰਸ਼ ਤੋਂ ਬਾਅਦ ਨਾਰਵੇਅ ਸਰਕਾਰ ਨੇ ਉਥੇ ਦਸਤਾਰ (ਪੱਗ) ਨੂੰ ਮਾਨਤਾ ਦੇ ਦਿੱਤੀ ਹੈ। ਸਿੱਖਾਂ ਨੂੰ ਹੁਣ ਨਾਰਵੇ ਵਿੱਚ ਪਾਸਪੋਰਟ, ਲਾਈਸੈਂਸ ਅਤੇ ਹੋਰ ਪਛਾਣ ਪੱਤਰ ਲਈ ਪੱਗ ਲਾਹ ਕੇ ਫੋਟੋ ਖਿਚਵਾਉਣ ਦੀ ਲੋੜ ਨਹੀਂ ਹੋਵੇਗੀ। ਪੱਗ ਦੇ ਨਾਲ ਫੋਟੋ ਹੁਣ ਮੰਨਣਯੋਗ ਹੋਵੇਗੀ। ਇਸ ਨੂੰ 19 ਅਕਤੂਬਰ ਤੋਂ ਕਾਨੂੰਨ ਬਣਾ ਦਿੱਤਾ ਜਾਵੇਗਾ।
ਨਾਰਵੇ ਦੇ ਕਾਨੂੰਨ ਮੰਤਰੀ ਮੋਨਿਕਾ ਮੈਲੁਦ, ਸੱਭਿਆਚਾਰ ਮੰਤਰੀ ਆਬਿਦ ਰਾਜਾ ਅਤੇ ਬਾਲ ਸੁਰੱਖਿਆ ਮੰਤਰੀ ਸ਼ੈਲ ਇਗੋਲੋਫ ਰੁਪਸਤਾਦ ਓਸਲੋ ਦੇ ਗੁਰਦੁਆਰਾ ਸਾਹਿਬ ਪਹੁੰਚ ਕੇ ਸਿੱਖ ਸੰਗਤ ਨੂੰ ਇਹ ਖੁਸ਼ਖਬਰੀ ਦਿੱਤੀ। ਕਪੂਰਥਲਾ ਦੇ ਵਸਨੀਕ ਮੁਖਤਿਆਰ ਸਿੰਘ ਪੱਡਾ, ਜੋਕਿ ਨਾਰਵੇ ਵਿਚ ਇਕ ਹੋਟਲ ਚੇਨ ਦੇ ਮਾਲਕ ਹਨ, ਨੇ ਦੱਸਿਆ ਕਿ ਦਿੱਲੀ ਸਥਿਤ ਇੰਜੀਨੀਅਰ ਸੁਮਿਤ ਸਿੰਘ ਪੱਪਤੀਆ, ਮੋਗਾ ਦੀ ਪ੍ਰਭਲੀਨ ਕੌਰ ਅਤੇ ਅਮਰਿੰਦਰਪਾਲ ਸਿੰਘ ਨੇ ਸਿੱਖ ਕੌਮ ਲਈ ਛੇ ਸਾਲਾਂ ਤੱਕ ਲੜਾਈ ਲੜੀ ਹੈ। ਇਹ ਲੋਕ ਸਰਕਾਰ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਦਸਤਾਰ ਸਿੱਖ ਕੌਮ ਦਾ ਮਾਣ ਹੈ। ਇਹ ਉਨ੍ਹਾਂ ਦੀ ਪੋਸ਼ਾਕ ਦੀ ਵਿਰਾਸਤ ਹੈ। ਇਸ ਨੂੰ ਸਿਰ ’ਤੇ ਸਜਾਉਣਾ ਹਰ ਸਿੱਖ ਦਾ ਹੱਕ ਹੈ।
ਨਾਰਵੇ ਸਰਕਾਰ ਦੇ ਮੰਤਰੀਆਂ ਨੇ ਕਈ ਦੇਸ਼ਾਂ ਵਿੱਚ ਦਸਤਾਰ ਨੂੰ ਲੈ ਕੇ ਸਟੱਡੀ ਕੀਤੀ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਨਾਰਵੇ ਸਰਕਾਰ ਦੇ ਮੰਤਰੀ ਗੁਰੂਘਰ ਵਿੱਚ ਆ ਕੇ ਸੰਗਤ ਨੂੰ ਉਨ੍ਹਾਂ ਦੀ ਮੰਗ ਨੂੰ ਮਾਨਤਾ ਦਿੱਤੀ ਹੈ। ਸੁਮਿਤ ਸਿੰਘ ਪੱਪਤੀਆ ਅਤੇ ਉਨ੍ਹਾਂ ਦੀ ਟੀਮ, ਗੁਰਮੇਲ ਸਿੰਘ ਬੈਂਸ, ਮਲਕੀਤ ਸਿੰਘ ਅਤੇ ਓਸਲੋ ਦੇ ਗੁਰਦੁਆਰਾ ਮੁਖੀ ਪਰਮਜੀਤ ਸਿੰਘ ਨੇ ਇਸ ਲਈ ਨਾਰਵੇ ਦੀ ਸਰਕਾਰ ਦਾ ਧੰਨਵਾਦ ਕੀਤਾ ਹੈ। ਦੱਸਣਯੋਗ ਹੈ ਕਿ ਸਿੱਖਾਂ ਲਈ ਦਸਤਾਰ ਉਨ੍ਹਾਂ ਦੇ ਸਨਮਾਨ ਦੇ ਨਾਲ- ਨਾਲ ਵਿਸ਼ਵਾਸ ਦਾ ਪ੍ਰਤੀਕ ਹੈ। ਅੰਮ੍ਰਿਤਧਾਰੀ ਸਿੱਖਾਂ ਲਈ, ਜਿਨ੍ਹਾਂ ਨੂੰ ਪੰਜ ਕਕਾਰ ਕੇਸ, ਕੜਾ, ਕੰਘਾ, ਕੱਛਾ, ਕਿਰਪਾਣ ਪਹਿਨਣੇ ਹਨੰਦੇ ਹਨ। ਸਿਖਾਂ ਨੇ ਆਪਣੇ ਵਾਲ ਨਹੀਂ ਕਟਵਾਉਣੇ ਹੁੰਦੇ। ਉਨ੍ਹਾਂ ਨੇ ਆਪਣੇ ਵਾਲਾਂ ਨੂੰ ਪੱਗ ਨਾਲ ਢੱਕਣਾ ਹੁੰਦਾ ਹੈ। ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਸਿੱਖਾਂ ਦੀ ਪੱਗ ਨੂੰ ਮਾਨਤਾ ਮਿਲੀ ਹੈ। ਹੁਣ ਨਾਰਵੇ ਦੀ ਸਰਕਾਰ ਨੇ ਵੀ ਸਿੱਖਾਂ ਦਾ ਸਤਿਕਾਰ ਕੀਤਾ ਹੈ। ਵੱਖ-ਵੱਖ ਸਿੱਖ ਸੰਗਠਨਾਂ ਨੇ ਨਾਰਵੇਈ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ।