ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਵਸੀਕਾ ਨਵੀਸ ਜਸਪਾਲ ਸਿੰਘ, ਵਾਸੀ ਮੁਹੱਲਾ ਕੋਟ ਮੰਗਲ ਸਿੰਘ, ਸ਼ਿਮਲਾਪੁਰੀ, ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਮਾਲ ਮਹਿਕਮੇ ਦੇ ਮੁਲਾਜ਼ਮਾਂ ਦੇ ਨਾਂ ‘ਤੇ 10,000 ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਹੈ। ਇਸੇ ਤਹਿਤ ਵਿਜੀਲੈਂਸ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਈਸਰ ਨਗਰ ਲੁਧਿਆਣਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉਪਰ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਉਕਤ ਮਾਮਲਾ ਦਰਜ ਕੀਤਾ ਗਿਆ ਹੈ। ਆਪਣੀ ਆਨਲਾਈਨ ਸ਼ਿਕਾਇਤ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ 7 ਨਵੰਬਰ 2023 ਨੂੰ ਸਬ ਰਜਿਸਟਰਾਰ ਲੁਧਿਆਣਾ ਕੇਂਦਰੀ ਦੇ ਦਫ਼ਤਰ ਤੋਂ ਨਿਊ ਜਨਤਾ ਨਗਰ, ਲੁਧਿਆਣਾ ਸਥਿਤ ਆਪਣੇ ਪਲਾਟ ਦੀ ਰਜਿਸਟਰੀ ਦਰਜ ਕਰਵਾਈ ਸੀ। ਉਪਰੋਕਤ ਡੀਡ ਰਾਈਟਰ ਸਬ ਰਜਿਸਟਰਾਰ ਲੁਧਿਆਣਾ ਕੇਂਦਰੀ ਦੇ ਮੁਲਾਜ਼ਮਾਂ ਤੋਂ ਉਸਦਾ ਇਹ ਕੰਮ ਕਰਵਾਉਣ ਬਦਲੇ 10,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ।
ਇਹ ਵੀ ਪੜ੍ਹੋ : ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਸ਼ਾਰਜਾਹ ਤੋਂ ਆਈ ਫਲਾਈਟ ‘ਚੋਂ 93 ਲੱਖ ਦਾ ਸੋਨਾ ਬਰਾਮਦ
ਸ਼ਿਕਾਇਤਕਰਤਾ ਨੇ ਉਕਤ ਮੁਲਜ਼ਮ ਜਸਪਾਲ ਸਿੰਘ ਨਾਲ ਹੋਈ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਆਨਲਾਈਨ ਸ਼ਿਕਾਇਤ ਆਡੀਓ ਸਬੂਤਾਂ ਸਮੇਤ ਵਿਜੀਲੈਂਸ ਬਿਊਰੋ ਕੋਲ ਦਰਜ ਕਰਵਾ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਮੁਲਜ਼ਮ ਸ਼ਿਕਾਇਤਕਰਤਾ ਤੋਂ ਪਲਾਟ ਦੀ ਵਿਕਰੀ ਡੀਡ ਕਰਵਾਉਣ ਬਦਲੇ ਮਾਲ ਮਹਿਕਮੇ ਦੇ ਮੁਲਾਜ਼ਮਾਂ ਦੇ ਨਾਂ ‘ਤੇ 10,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਇਸ ਸਬੰਧੀ ਉਕਤ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”