Vigilance arrests police personnel : ਪਟਿਆਲਾ ਵਿੱਚ ਵਿਜੀਲੈਂਸ ਦੀ ਟੀਮ ਨੇ ਸਮਾਣਾ ਥਾਣੇ ਵਿੱਚ ਤਾਇਨਾਤ ਐਸਐਚਓ, ਹੌਲਦਾਰ ਤੇ ਹੋਮਗਾਰਡ ਨੂੰ 23 ਹਜ਼ਾਰ ਰਿਸ਼ਵਤ ਦੀ ਦੂਜੀ ਕਿਸ਼ਤ 13000 ਰੁਪਏ ਲੈਂਦੇ ਹੋਏ ਰੰਗੇ ਹੱਥੀਆਂ ਕਾਬੂ ਕੀਤਾ। ਦੋਸ਼ੀ ਮੁਲਾਜ਼ਮਾਂ ਦੀ ਪਛਾਣ ਐਸਐਚਓ ਕਰਣਵੀਰ ਸਿੰਘ ਤੇ ਹੌਲਦਾਰ ਮੱਖਣ ਸਿੰਘ ਵਜੋਂ ਹੋਈ ਹੈ।
ਇਸ ਸੰਬੰਧੀ ਪਟਿਆਲਾ ਵਿਜੀਲੈਂਸ ਪੁਲਿਸ ਨੂੰ ਇੱਕ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪਾਤੜਾਂ ਸ਼ਹਿਰ ਦੇ ਵਿਨੋਦ ਕੁਮਾਰ ਦੇ ਭਤੀਜੇ ਦੇ ਮਾਮਲੇ ਵਿੱਚ ਸਮਾਣਾ ਥਾਣੇ ਦੇ ਐਸਐਚਓ ਅਤੇ ਹੌਲਦਾਰ ਉਸਦੀ ਮਦਦ ਲਈ 30000 ਦੀ ਰਿਸ਼ਵਤ ਦੀ ਮੰਗ ਕਰ ਰਹੇ ਸਨ, ਜਿਸ ਦਾ ਸੌਦਾ 23000 ਵਿੱਚ ਤੈਅ ਹੋਇਆ ਜਿਸ ਵਿੱਚ ਐਸਐਚਓ ਕਰਣਵੀਰ ਸਿੰਘ ਨੂੰ 20000 ਅਤੇ ਹੌਲਦਾਰ ਮੱਖਣ ਸਿੰਘ ਨੂੰ 3000 ਰੁਪਏ ਦਿੱਤੇ ਜਾਣੇ ਸਨ। ਸ਼ਿਕਾਇਤਕਰਤਾ ਨੇ 10000 ਰੁਪਏ ਦੀ ਪਹਿਲੀ ਕਿਸ਼ਤ ਦੇ ਦਿੱਤੀ ਸੀ।
ਇਸ ਤੋਂ ਪਹਿਲਾਂ ਹੀ ਵਿਨੋਦ ਕੁਮਾਰ ਨੇ ਵਿਜੀਲੈਂਸ ਕੋਲ ਪਹੁੰਚ ਕਰ ਲਈ ਸੀ। ਜਦੋਂ ਉਹ ਬਕਾਇਆ ਰਿਸ਼ਵਤ ਦੀ ਰਕਮ 13000 ਰੁਪਏ ਦੇਣ ਗਿਆ ਤਾਂ ਹੌਲਦਾਰ ਮੱਖਣ ਸਿੰਘ ਨੇ ਇੱਕ ਹੋਮਗਾਰਡ ਮੁਲਾਜ਼ਮ ਨੂੰ ਭੇਜ ਕੇ ਉਹ ਰਕਮ ਮੰਗਵਾ ਲਈ। ਮੌਕੇ ’ਤੇ ਵਿਜੀਲੈਂਸ ਟੀਮ ਪਟਿਆਲਾ ਨੇ ਇਨ੍ਹਾਂ ਲੋਕਾਂ ਨੂੰ ਰੰਗੇ ਹੱਥੀਆਂ ਕਾਬੂ ਕਰ ਲਿਆ ਅਤੇ ਐਸਐਚਓ, ਹੌਲਦਾਰ ਅਤੇ ਹੋਮਗਾਰਡ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਕੱਲ੍ਹ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਵੀ ਕੀਤੀ ਜਾਵੇਗੀ ਤਾਂਕਿ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ।