ਚੰਡੀਗੜ੍ਹ : ਪੰਜਾਬ ਸਰਕਾਰ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਾਗ ਅਧੀਨ ਆਉਂਦੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੇ ਇੱਕ ਹੋਰ ਕੀਰਤੀਮਾਨ ਸਥਾਪਿਤ ਕਰਕੇ ਇਸ ਸਾਲ ਵੀ ਸੂਬਾ ਪੱਧਰੀ ਊਰਜਾ ਬਚਾਓ ਐਵਾਰਡ `ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਰਾਸਤ-ਏ-ਖਾਲਸਾ ਨੇ ਲਗਾਤਾਰ ਤੀਸਰੀ ਵਾਰ ਰਾਜ ਪੱਧਰੀ ਊਰਜਾ ਬਚਾਓ ਐਵਾਰਡ ਹਾਸਲ ਕੀਤਾ ਹੈ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਦੁਨੀਆ ਭਰ ਵਿੱਚ ਵਿਲੱਖਣ ਪਛਾਣ ਬਣਾ ਚੁੱਕੇ ਵਿਰਾਸਤ-ਏ-ਖਾਲਸਾ ਵੱਲੋਂ ਲਗਾਤਾਰ ਕੀਰਤੀਮਾਨ ਸਥਾਪਿਤ ਕਰਨ ਦਾ ਸਿਲਸਿਲਾ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਜਿਥੇ ਇਸ ਮਹਾਨ ਅਜਾਇਬ ਘਰ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡਜ਼, ਇੰਡੀਆ ਬੁੱਕ ਆਫ ਰਿਕਾਰਡਜ਼ ਅਤੇ ਵਰਲਡ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ, ਉੱਥੇ ਊਰਜਾ ਬਚਉਣ ਵਿਚ ਵੀ ਵਿਲੱਖਣ ਪਛਾਣ ਬਣਾਈ ਹੈ। ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਮੰਤਰੀ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਵਿਖੇ ਹੋਣ ਵਾਲੀ ਬਿਜਲੀ ਦੀ ਖਪਤ ਨੂੰ ਘਟਾਉਣ ਦੇ ਲਈ ਲਗਾਤਾਰ ਵਿਸੇਸ਼ ਉਪਰਾਲੇ ਕੀਤੇ ਜਾਂਦੇ ਰਹੇ ਹਨ।
ਇਸੇ ਦੇ ਤਹਿਤ ਇਸ ਵਾਰ ਵੀ ਲਗਾਤਾਰ ਤੀਸਰੀ ਵਾਰ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਕਰਵਾਏ ਗਏ ਪੰਜਾਬ ਪੱਧਰੀ ਐਨਰਜੀ ਕੰਜ਼ਰਵੇਸ਼ਨ ਐਵਾਰਡਾਂ ‘ਚ ਪਹਿਲਾ ਸਥਾਨ ਹਾਸਲ ਕਰਕੇ ਹੈਟਰਿਕ ਮਾਰ ਕੇ ਇਤਿਹਾਸ ਸਿਰਜਿਆ ਹੈ। ਉਨ੍ਹਾਂ ਸਮੁੱਚੇ ਸਟਾਫ ਨੂੰ ਮੁਬਾਰਕਬਾਦ ਦਿੰਦੇ ਹੋਏ ਅਜਿਹੇ ਯਤਨ ਭਵਿੱਖ ਵਿੱਚ ਵੀ ਜਾਰੀ ਰੱਖਣ ਲਈ ਕਿਹਾ।
ਇਹ ਵੀ ਪੜ੍ਹੋ : ਦੇਸ਼ ਲਈ ਕੁਰਬਾਨ ਹੋ ਗਿਆ ਨੂਰਪੁਰਬੇਦੀ ਦਾ ਗੱਭਰੂ, 4 ਮਹੀਨੇ ਪਹਿਲਾਂ ਹੀ ਚੜ੍ਹਿਆ ਸੀ ਘੋੜੀ