ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਦਾ ਸਮਾਂ ਖਤਮ ਹੋ ਚੁੱਕਾ ਹੈ ਤੇ ਹੁਣ ਲਾਈਨਾਂ ‘ਚ ਲੱਗੇ ਵੋਟਰ ਹੀ ਵੋਟ ਭੁਗਤਾ ਸਕਣਗੇ। 2 ਵਜੇ ਤੱਕ ਸਿਰਫ 30.21% ਹੀ ਵੋਟਿੰਗ ਹੋਈ ਤੇ ਚੋਣਾਂ ਦੇ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ।
ਦੱਸ ਦੇਈਏ ਕਿ ਸੂਬੇ ਪੰਜਾਬ ‘ਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋਇਆ ਸੀ। ਪੂਰੇ ਸੂਬੇ ‘ਚ ਅਮਨ-ਸ਼ਾਂਤੀ ਨਾਲ ਵੋਟਾਂ ਪਈਆਂ। ਹਾਲਾਂਕਿ ਕੁੱਝ ਜ਼ਿਲ੍ਹਿਆਂ ‘ਚ ਸਵੇਰੇ ਵੇਲੇ ਸੰਘਣੀ ਧੁੰਦ ਛਾਈ ਹੋਈ ਸੀ, ਇਸ ਦੇ ਬਾਵਜੂਦ ਵੋਟਰਾਂ ‘ਚ ਉਤਸ਼ਾਹ ਦੇਖਣ ਨੂੰ ਮਿਲਿਆ। ਜਿੱਥੇ ਪੂਰੇ ਪੰਜਾਬ ‘ਚ ਸਵੇਰੇ 10 ਵਜੇ ਤੱਕ ਕੁੱਲ 8 ਫ਼ੀਸਦੀ ਵੋਟਾਂ ਪਈਆਂ ਸਨ, ਉੱਥੇ ਹੀ ਦੁਪਹਿਰ 12 ਵਜੇ ਤੱਕ ਪੂਰੇ ਸੂਬੇ ‘ਚ 19.1 ਫ਼ੀਸਦੀ ਵੋਟਿੰਗ ਹੋਈ। ਦੁਪਹਿਰ 2 ਵਜੇ ਤੱਕ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ‘ਚ 30.21 ਫ਼ੀਸਦੀ ਵੋਟਿੰਗ ਹੋਈ।
ਇਹ ਵੀ ਪੜ੍ਹੋ : ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਮਿਲੀ ਸਫਲਤਾ, 3 ਵਿਅਕਤੀਆਂ ਨੂੰ 4 KG ਹੈ.ਰੋਇ/ਨ ਤੇ ਲੱਖਾਂ ਦੀ ਡ/ਰੱਗ ਮਨੀ ਸਣੇ ਫੜਿਆ
ਜ਼ਿਕਰਯੋਗ ਹੈ ਕਿ ਸੂਬੇ ਭਰ ਵਿੱਚ 347 ਜ਼ਿਲ੍ਹਾ ਪ੍ਰੀਸ਼ਦਾਂ ਅਤੇ 2,838 ਬਲਾਕ ਸੰਮਤੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ। 23 ਜ਼ਿਲ੍ਹਿਆਂ ਵਿੱਚ ਕੁੱਲ 9,775 ਉਮੀਦਵਾਰ ਚੋਣ ਲੜ ਰਹੇ ਹਨ। ਚੋਣਾਂ ਲਈ ਲਗਭਗ 90,000 ਚੋਣ ਸਟਾਫ਼ ਤਾਇਨਾਤ ਹੈ। ਇਨ੍ਹਾਂ ਵਿੱਚੋਂ 1,280 ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਲਈ ਅਤੇ 8,495 ਬਲਾਕ ਸੰਮਤੀ ਲਈ ਚੋਣ ਲੜ ਰਹੇ ਹਨ। ਵੋਟਿੰਗ ਲਈ ਪੋਲਿੰਗ ਪਾਰਟੀਆਂ ਸ਼ਨੀਵਾਰ ਰਾਤ ਨੂੰ ਹੀ ਪੋਲਿੰਗ ਕੇਂਦਰਾਂ ਲਈ ਰਵਾਨਾ ਹੋ ਗਈਆਂ ਸਨ। ਆਪ, ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਬਸਪਾ ਆਪਣੇ-ਆਪਣੇ ਪਾਰਟੀ ਚਿੰਨ੍ਹਾਂ ‘ਤੇ ਚੋਣਾਂ ਲੜ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























