Web channels misleading people : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਸਾਰੇ ਹਲਕਿਆਂ ਦੇ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੂੰ ਪਿੰਡਾਂ ਨਾਲ ਤਾਲਮੇਲ ਬਣਾ ਕੇ ਕੋਵਿਡ ਟੈਸਟਿੰਗ ਅਤੇ ਅੰਗ ਵੇਚੇ ਜਾਣ ਸਬੰਧੀ ਨਾਂਹਪੱਖੀ ਮੁਹਿੰਮ ਦਾ ਸਾਹਮਣਾ ਕਰਨ ਲਈ ਕਿਹਾ, ਜਿਸ ਸੰਬੰਧੀ ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਵਿੱਚ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਾਲ ਹੀ ਵਿੱਚ ਸ਼ੁਰੂ ਹੋਏ ਅਜਿਹੇ ਵੈੱਬ-ਚੈਨਲਾਂ ਬਾਰੇ ਵੀ ਭਾਰਤ ਸਰਕਾਰ ਤੋਂ ਸਲਾਹ ਲਈ ਜਾਵੇਗੀ ਜੋ ਇਸ ਮਹਾਮਾਰੀ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੇ ਵੈੱਬ ਚੈਨਲਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਆਪ ਵੱਲੋਂ ਪਿੰਡਾਂ ਦੇ ਲੋਕਾਂ ਦੇ ਮਨਾਂ ਵਿੱਚ ਬੇਲੋੜਾ ਡਰ ਪੈਦਾ ਕੀਤਾ ਜਾ ਰਿਹਾ ਹੈ। ਇਸ ਨਾਲ ਉਹ ਕੋਰੋਨਾ ਵਾਇਰਸ ਸਬੰਧੀ ਜਾਂਚ ਕਰਵਾਉਣ ਲਈ ਅੱਗੇ ਆਉਣ ਤੋਂ ਝਿਜਕ ਰਹੇ ਹਨ ਅਤੇ ਇਸ ਤਰ੍ਹਾਂ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਰਹੇ ਹਨ। ਕੈਪਟਨ ਨੇ ਕਿਹਾ ਕਿ ਆਪ ਵੱਲੋਂ ‘ਜਾਂਚ ਨਾ ਕਰਵਾਉਣ’ ਦਾ ਹੋਕਾ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਪਾਰਟੀ ਦਾ ਇਕ ਕਾਰਕੁੰਨ ਕੋਵਿਡ ਜਾਂਚ ਅਤੇ ਇਲਾਜ਼ ਸਬੰਧੀ ਗਲਤ ਸੂਚਨਾ ਫੈਲਾਉਣ ਲਈ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਵੀ ਜਾਂਚ ਕਰਵਾਉਣ ਤੋਂ ਇਨਕਾਰੀ ਹੋ ਕੇ ਅਤੇ ਜਾਂਚ ਨਾ ਕਰਵਾਉਣ ਤੇ ਮਾਸਕ ਨਾ ਪਾਉਣ ਦਾ ਸੱਦਾ ਦੇ ਕੇ ਲੋਕਾਂ ਵਿੱਚ ਡਰ ਫੈਲਾਉਣ ਵਾਲਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਆਪ ਵੱਲੋਂ ਔਕਸੀਮੀਟਰਾਂ ਦੀ ਵੰਡ ਦੇ ਐਲਾਨ ਨੂੰ ਸਿਆਸੀ ਸਟੰਟ ਦੱਸਦਿਆਂ ਕਿਹਾ ਕਿ ਕਿ ਔਕਸੀਮੀਟਰ, ਜਾਂਚ ਦਾ ਬਦਲ ਨਹੀਂ ਬਣ ਸਕਦੇ।
ਉਨ੍ਹਾਂ ਕਾਂਗਰਸ ਦੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਗਲਤ ਅਤੇ ਗੁੰਮਰਾਹਕੁੰਨ ਪ੍ਰਚਾਰ ਖਿਲਾਫ ਲਾਮਬੰਦ ਹੋਣ ਲਈ ਪੰਚਾਇਤਾਂ ਨਾਲ ਤਾਲਮੇਲ ਬਣਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਉਹ ਸਰਪੰਚਾਂ, ਪੰਚਾਂ ਅਤੇ ਰਾਏ ਬਣਾਉਣ ਵਾਲੇ ਸਥਾਨਕ ਪੱਧਰ ਦੇ ਆਗੂਆਂ ਨੂੰ ਵੀ ਖੁਦ ਦੀ ਜਾਂਚ ਕਰਵਾਉਣ ਲਈ ਅੱਗੇ ਆਉਣ ਲਈ ਕਹਿਣ।