WHO announces new foundation: ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਵਿਰੁੱਧ ਲੜਾਈ ਲੜ੍ਹ ਰਹੀ ਹੈ । ਇਸ ਸਥਿਤੀ ਨੂੰ ਸੰਭਾਲਣ ਵਿੱਚ ਅਸਫਲ ਰਹਿਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਨੂੰ ਇੱਕ ਨਵੇਂ ਫਾਊਂਡੇਸ਼ਨ ਦਾ ਐਲਾਨ ਕੀਤਾ ਹੈ । ਇਸ ਫਾਊਂਡੇਸ਼ਨ ਦੇ ਤਹਿਤ ਕਿਸੇ ਵੀ ਮਹਾਂਮਾਰੀ ਨਾਲ ਨਜਿੱਠਣ ਲਈ ਫੰਡਿੰਗ ਇਕਠੀ ਕੀਤੀ ਜਾਵੇਗੀ, ਜਿਸ ਵਿੱਚ ਨਾ ਸਿਰਫ ਵੱਡੇ ਦੇਸ਼ਾਂ ਬਲਕਿ ਆਮ ਲੋਕਾਂ ਤੋਂ ਵੀ ਸਹਾਇਤਾ ਲਈ ਜਾਵੇਗੀ ।
ਦਰਅਸਲ, WHO ਦੇ ਡਾਇਰੈਕਟਰ ਟੇਡਰੋਸ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਇਹ ਇੱਕ ਸੁਤੰਤਰ ਸੰਗਠਨ ਹੋਵੇਗਾ । ਜਿਸ ਵਿੱਚ ਮੌਜੂਦਾ ਤਰੀਕਿਆਂ ਤੋਂ ਇਲਾਵਾ ਫੰਡ ਇਕੱਠੇ ਕੀਤੇ ਜਾਣਗੇ । ਹੁਣ WHO ਨੂੰ ਹਰੇਕ ਮੈਂਬਰ ਦੇਸ਼ ਆਪਣੇ ਵੱਲੋਂ ਸਹਾਇਤਾ ਰਾਸ਼ੀ ਦਿੰਦਾ ਹੈ, ਉਸੇ ਦੇ ਅਧਾਰ ‘ਤੇ ਦੁਨੀਆ ਭਰ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਲੈ ਕੇ WHO ਕਿਸੇ ਵੀ ਤਰ੍ਹਾਂ ਦੀ ਸਹਾਇਤਾ ਕਰਦਾ ਹੈ ।ਪਿਛਲੇ ਦਿਨੀਂ, ਅਮਰੀਕਾ ਨੇ WHO ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਨੂੰ ਰੋਕ ਦਿੱਤਾ ਸੀ, ਅਮਰੀਕੀ ਰਾਸ਼ਟਰਪਤੀ ਨੇ WHO ‘ਤੇ ਕੋਰੋਨਾ ਵਾਇਰਸ ਨੂੰ ਪਛਾਣਨ ਵਿੱਚ ਅਸਫਲ ਹੋਣ ਦਾ ਦੋਸ਼ ਲਗਾਇਆ ਅਤੇ ਚੀਨ ਦੀ ਹਮਾਇਤ ਕਰਨ ਲਈ ਇਸ ਦੀ ਆਲੋਚਨਾ ਕੀਤੀ ਸੀ ।
ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਨੇ WHO ਦੇ ਡਾਇਰੈਕਟਰ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ 30 ਦਿਨਾਂ ਦੇ ਅੰਦਰ ਸੰਗਠਨ ਵਿੱਚ ਵੱਡੀਆਂ ਤਬਦੀਲੀਆਂ ਕਰਨ ਲਈ ਕਿਹਾ ਹੈ । ਨਹੀਂ ਤਾਂ ਅਮਰੀਕਾ ਆਪਣੇ ਫੰਡਾਂ ਨੂੰ ਸਦਾ ਲਈ ਬੰਦ ਕਰ ਦੇਵੇਗਾ ਅਤੇ ਸੰਗਠਨ ਤੋਂ ਵੱਖ ਹੋਣ ਬਾਰੇ ਵਿਚਾਰ ਕਰ ਸਕਦਾ ਹੈ ।
ਗੌਰਤਲਬ ਹੈ ਕਿ ਬੀਤੇ ਦਿਨੀਂ ਹੀ WHO ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਉਸਦਾ ਮੌਜੂਦਾ ਬਜਟ $ 2.3 ਬਿਲੀਅਨ ਹੈ, ਜੋ ਕਿ ਗਲੋਬਲ ਸੰਗਠਨ ਦੇ ਅਨੁਸਾਰ ਬਹੁਤ ਘੱਟ ਹੈ । ਇਸ ਤੋਂ ਇਲਾਵਾ ਅਮਰੀਕਾ ਦੀ ਫੰਡਿੰਗ ਰੁਕ ਗਈ ਹੈ, ਇਸ ਲਈ ਸਾਨੂੰ ਵਧੇਰੇ ਫੰਡਿੰਗ ਦੀ ਜ਼ਰੂਰਤ ਹੈ ।