Will there be a lockdown in Punjab : ਪੰਜਾਬ ਦੇ ਉਹ ਖੇਤਰ ਜਿਥੇ ਹਰ ਦਿਨ 100 ਤੋਂ ਵੱਧ ਕੇਸ ਕੋਰੋਨਾ ਦੇ ਸਾਹਮਣੇ ਆ ਰਹੇ ਹਨ, ਉਨ੍ਹਾਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਜਾਵੇਗਾ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵੇਲੇ ਕੋਰੋਨਾ ਮਹਾਂਮਾਰੀ ਸਬੰਧੀ ਰਾਜ ਵਿੱਚ ਸਥਿਤੀ ਕੰਟਰੋਲ ਵਿੱਚ ਹੈ ਅਤੇ ਸਿਹਤ ਵਿਭਾਗ ਇਸ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਿਹਾ ਹੈ। ਮੰਤਰੀ ਨੇ ਸੂਬੇ ਵਿਚ ਲੌਕਡਾਊਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਬੰਦੀਆਂ ਦਾ ਪਾਲਣ ਕਰਦਿਆਂ ਸਰਕਾਰ ਨਾਲ ਸਹਿਯੋਗ ਕਰਨ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਰੋਜ਼ਾਨਾ 100 ਤੋਂ ਵੱਧ ਨਵੇਂ ਕੇਸ ਆ ਰਹੇ ਹਨ। ਹਾਲਾਂਕਿ ਰਾਤ ਦੇ ਕਰਫਿਊ ਸਣੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਾਰੇ ਸਖਤ ਕਦਮ ਚੁੱਕੇ ਗਏ ਹਨ। ਇਸ ਦੇ ਬਾਵਜੂਦ ਸਬੰਧਤ ਇਲਾਕਿਆਂ ਨੂੰ ਕੰਟੈਂਟ ਜ਼ੋਨ ਬਣਾ ਕੇ ਉਥੋਂ ਦੇ ਵਸਨੀਕਾਂ ਦੀ ਕੋਰੋਨਾ ਦੀ ਜਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਦੁਬਾਰਾ ਲੌਕਡਾਊਨ ਦੀ ਸੰਭਾਵਨਾ ‘ਤੇ ਉਨ੍ਹਾਂ ਕਿਹਾ ਕਿ ਪਿਛਲੀ ਕੋਰੋਨਾ ਮਿਆਦ ਦੌਰਾਨ ਲੋਕਾਂ ਨੇ ਬਹੁਤ ਜ਼ਿਆਦਾ ਮੁਸ਼ਕਲ ਹਾਲਤਾਂ ਨੂੰ ਵੇਖਿਆ ਹੈ। ਇਸ ਲਈ ਸਰਕਾਰ ਸਖਤ ਕਦਮ ਚੁੱਕਦਿਆਂ ਇਸ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਕਰਫਿਊ ਅਤੇ ਸਮਾਜਿਕ ਸਮਾਗਮਾਂ ਉੱਤੇ ਪਾਬੰਦੀਆਂ ਵਰਗੇ ਉਪਾਅ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਕਾਰਗਰ ਸਿੱਧ ਹੋਣਗੇ। ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਿਭਾਗ ਕੋਲ ਕੋਰੋਨਾ ਨਾਲ ਨਜਿੱਠਣ ਲਈ ਹਰ ਤਰਾਂ ਦੇ ਪ੍ਰਬੰਧ ਹਨ ਅਤੇ ਕਾਫ਼ੀ ਸਟਾਫ ਉਪਲਬਧ ਹੈ। ਫਿਲਹਾਲ ਸਥਿਤੀ ਕੰਟਰੋਲ ਵਿੱਚ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਥਿਤੀ ਬਾਰੇ ਤੁਰੰਤ ਜਾਣਕਾਰੀ ਲੈ ਰਹੇ ਹਨ ਅਤੇ ਵਿਭਾਗ ਨੂੰ ਨਿਰੰਤਰ ਦਿਸ਼ਾ-ਨਿਰਦੇਸ਼ ਦੇ ਰਹੇ ਹਨ।