Young man died by : ਬਠਿੰਡਾ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਇਕ ਨੌਜਵਾਨ ਨੇ ਲੱਤ ਟੁੱਟਣ ਦੀ ਪ੍ਰੇਸ਼ਾਨੀ ਦੇ ਚੱਲਦਿਆਂ ਬਹੁਤ ਹੀ ਦਰਦਨਾਕ ਮੌਤ ਨੂੰ ਗਲ ਲਗਾ ਲਿਆ। ਉਸ ਨੇ ਗੱਡੀ ਥੱਲੇ ਸਿਰ ਦੇ ਕੇ ਆਪਣੀ ਜਾਨ ਦੇ ਦਿੱਤੀ। ਸੂਚਨਾ ਮਿਲਦੇ ਹੀ ਜਦੋਂ ਜੀਆਰਪੀ ਪਹੁੰਚੀ ਤਾਂ ਰੇਲਵੇ ਟ੍ਰੈਕ ’ਤੇ ਉਸ ਦਾ ਸਿਰ ਅਤੇ ਧੜ ਵੱਖ-ਵੱਖ ਪਏ ਸਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ’ਚ ਪੈਰ ਟੁੱਟ ਜਾਣ ਤੋਂ ਬਾਅਦ ਉਹ ਮਾਨਸਿਕ ਤਣਾਅ ’ਚ ਸੀ, ਜਿਸ ਦੇ ਚੱਲਦਿਆਂ ਉਸ ਨੇ ਗੱਡੀ ਹੇਠਾਂ ਸਿਰ ਦੇ ਦਿੱਤਾ।
ਮ੍ਰਿਤਕ ਦੀ ਪਛਾਣ ਅਮਰਪੁਰਾ ਬਸਤੀ ਦੀ ਗਲੀ ਨੰਬਰ 2-1/2 ਦੇ ਰਹਿਣ ਵਾਲੇ 23 ਸਾਲਾ ਹਰਪ੍ਰੀਤ ਸਿੰਘ ਉਰਫ ਹੈਪੀ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੈੱਪੀ ਦਾ ਕੁਝ ਸਮੇਂ ਪਹਿਲਾਂ ਇਕ ਹਾਦਸੇ ਵਿਚ ਪੈਰ ਫ੍ਰੈਕਚਰ ਹੋ ਗਿਆ ਸੀ। ਇਸੇ ਕਾਰਨ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਉਧਰ ਪਛਾਣ ਹੋਣ ਤੋਂ ਪਹਿਲਾਂ ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਰਾਤ ਨੌਜਵਾਨ ਦੇ ਖੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਸੀ। ਘਟਨਾ ਵਾਲੀ ਥਾਂ ਦਾ ਦ੍ਰਿਸ਼ ਬਹੁਤ ਦਰਦਨਾਕ ਸੀ। ਨੌਜਵਾਨ ਦਾ ਧੜ ਰੇਲਵੇ ਲਾਈਨਾਂ ’ਚ ਪਿਆ ਸੀ ਅਤੇ ਸਿਰ ਟ੍ਰੈਕ ਦੇ ਬਾਹਰ ਪਿਆ ਸੀ।
ਮਾਮਲੇ ਦੀ ਜਾਂਚ ਕਰ ਰਹੇ ਜੀਆਰਪੀ ਦੇ ਏਐਸਆਈ ਸੁਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਮੁਤਾਬਕ ਹਰਪ੍ਰੀਤ ਸ਼ਹਿਰ ਵਿਚ ਜੁੱਤੀਆਂ ਦੇ ਸ਼ੋਅਰੂਮ ਵਿਚ ਨੌਕਰੀ ਕਰਦਾ ਸੀ। ਰੋਜ਼ ਵਾਂਗ ਉਹ ਕੰਮ ਤੋਂ ਘਰ ਪਰਤਿਆ ਪਰ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਘਰੋਂ ਚਲਾ ਗਿਆ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ।