Young man suffering police torture : ਅੰਮ੍ਰਿਤਸਰ ਵਿਚ ਦੋਸ਼ੀ ਦੀ ਜਗ੍ਹਾ ਉਸ ਦੇ ਭਰਾ ਨੂੰ ਪੁਲਿਸ ਵੱਲੋਂ ਥਾਣੇ ਲਿਜਾਏ ਗਏ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਪੁਲਿਸ ਦੀ ਤਸ਼ੱਦਦ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਇਕ ਨੇਤਾ ’ਤੇ ਗੋਲੀਆਂ ਚਲਾਉਣ ਦੇ ਕਥਿਤ ਦੋਸ਼ੀ ਦਰਸ਼ਨ ਦੀ ਭਾਲ ਕਰ ਰਹੇ ਸੀਆਈਏ ਸਟਾਫ ਨੇ ਉਸ ਦੇ ਭਰਾ ਸੰਦੀਪ ਨੂੰ ਘਰੋਂ ਚੁੱਕ ਕੇ ਦੋ ਦਿਨ ਨਾਜਾਇਜ਼ ਹਿਰਾਸਤ ’ਚ ਰਖਿਆ, ਜਿਸ ਤੋਂ ਦੁਖੀ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ। ਸੀਆਈਏ ਸਟਾਫ ਨੇ ਮੰਗਲਵਾਰ ਨੂੰ ਸ਼ਾਮ ਨੂੰ ਜਦੋਂ ਉਸ ਨੂੰ ਨਾਜਾਇਜ਼ ਹਿਰਾਸਤ ਤੋਂ ਰਿਹਾਅ ਕਰਕੇ ਘਰ ਭੇਜਿਆ ਤਾਂ ਉਹ ਇੰਨਾ ਦੁਖੀ ਸੀ ਕਿ ਜਦੋਂ ਤੱਕ ਪਰਿਵਾਰ ਵਾਲੇ ਸੀਆਈਏ ਸਟਾਫ ਦੇ ਦਫਤਰ ਤੱਕ ਪਹੁੰਚਦੇ ਉਦੋਂ ਤੱਕ ਉਸ ਨੇ ਖੁਦਕੁਸ਼ੀ ਕਰ ਲਈ ਸੀ। ਸੰਦੀਪ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਲਾਸ਼ ਥਾਣੇ ਦੇ ਬਾਹਰ ਰਖ ਕੇ ਸੀਆਈਏ ਸਟਾਫ ਖਿਲਾਫ ਖੂਬ ਪ੍ਰਦਰਸ਼ਨ ਕੀਤਾ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੇਟੇ ’ਤੇ ਗਲਤ ਦੋਸ਼ ਲਗਾਏ ਜਾ ਰਹੇ ਹਨ। ਉਸ ਨੇ ਕਿਸੇ ਨੇਤਾ ਦੇ ਘਰ ’ਤੇ ਗੋਲੀ ਨਹੀਂ ਚਲਾਈ ਹੈ ਅਤੇ ਪੁਲਿਸ ਦੇ ਡਰੋਂ ਫਰਾਰ ਹੈ। ਸੀਆਈਏ ਸਟਾਫ ਨੇ ਸੋਮਵਾਰ ਨੂੰ ਸੰਦੀਪ ਨੂੰ ਉਸ ਦੇ ਘਰੋਂ ਚੁੱਕਿਆ ਅਤੇ ਉਸ ਨੂੰ ਥਾਣੇ ਵਿਚ ਰਖ ਕੇ ਟਾਰਚਰ ਕੀਤਾ। ਪੁਲਿਸ ਤਸ਼ੱਦਦ ਤੋਂ ਦੁਖੀ ਹੋ ਕੇ ਉਨ੍ਹਾਂ ਦੇ ਪੁੱਤਰ ਨੇ ਇਹ ਕਦਮ ਚੁੱਕਿਆ ਹੈ।
ਅਕਾਲੀ ਨੇਤਾ ਤਲਬੀਰ ਸਿੰਘ ਗਿੱਲ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਦਰਸ਼ਨ ਨੂੰ ਉਸ ਦੇ ਪਰਿਵਾਰ ਵੱਲੋਂ ਪਹਿਲਾਂ ਹੀ ਬੇਦਖਲ ਕੀਤਾ ਹੋਇਆ ਸੀ। ਉਹ ਸਮਾਜ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਹੈ। ਪਰ ਪੁਲਿਸ ਵਾਰ-ਵਾਰ ਸੰਦੀਪ ਨੂੰ ਪ੍ਰੇਸ਼ਾਨ ਕਰ ਰਹੀ ਸੀ। ਸੋਮਵਾਰ ਨੂੰ ਪੁਲਸ ਨੇ ਸੰਦੀਪ ਨੂੰ ਪੂਰਾ ਦਿਨ ਥਾਣੇ ਵਿਚ ਰਖ ਕੇ ਤਸ਼ੱਦਦ ਕੀਤਾ। ਮੰਗਲਵਾਰ ਨੂੰ ਫਿਰ ਥਾਣੇ ਬੁਲਾ ਕੇ ਉਸ ’ਤੇ ਟਾਰਚਰ ਕੀਤਾ, ਜਿਸ ’ਤੇ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਿਆ। ਜਦੋਂ ਪਰਿਵਾਰ ਉਨ੍ਹਾਂ ਨਾਲ ਸੰਪਰਕ ਸਥਾਪਿਤ ਕੀਤਾ ਤਾਂ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਤੇ ਸੀਆਈਏ ਸਟਾਫ ਦੇ ਇੰਸਪੈਕਟਰ ਸੁਖਜਿੰਦਰ ਸਿੰਘ ਨਾਲ ਗੱਲ ਕੀਤੀ ਕਿ ਸੰਦੀਪ ਬੇਕਸੂਰ ਹੈ, ਇਸ ਨੂੰ ਛੱਡ ਦਿੱਤਾ ਜਾਵੇ ਅਤੇ ਉਸ ਦੇ ਵੱਡੇ ਭਰਾ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇ।
ਏਡੀਸੀਪੀ ਹਰਪਾਲ ਸਿੰਘ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ. ਜੋ ਵੀ ਜ਼ਿੰਮੇਵਾਰ ਹੋਵੇਗਾ ਉਸ ’ਤੇ ਕਾਰਵਾਈ ਕੀਤੀ ਜਾਵੇਗੀ। ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ। ਇਸ ਦੇ ਆਧਾਰ ’ਤੇ ਜਾਂਚ ਹੋਵੇਗੀ। ਦਰਸ਼ਨ ਨੇ ਅਮਰੀਕ ਸਿੰਘ ਨਾਂ ਦੇ ਇਕ ਵਿਅਕਤੀ ਦੇ ਘਰ ਦੀ ਬੈੱਲ ਵਜਾ ਕੇ ਉਸ ਨੂੰ ਬਾਹਰ ਬੁਲਾਇਆ ਅਤੇ ਫਿਰ ਉਸ ’ਤੇ ਗੋਲੀਆਂ ਚਲਾਈਆਂ ਸਨ। ਇਸ ਸਿਲਸਿਲੇ ਵਿਚ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਸੰਦੀਵ ਵੱਡੇ ਭਰਾ ਦੀਆਂ ਅਪਰਾਧਕ ਸਰਗਰਮੀਆਂ ਕਰਕੇ ਪ੍ਰੇਸ਼ਾਨ ਸੀ, ਹੋ ਸਕਦਾ ਹੈ ਇਸੇ ਦਬਾਅ ਵਿਚ ਉਸ ਨੇ ਖੁਦਕੁਸ਼ੀ ਕਰ ਲਈ ਹੋਵੇ।