Youngman viral girl photo : ਮੋਹਾਲੀ ਦੇ ਪਿੰਡ ਸਹੌੜਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪਿੰਡ ਦੇ ਨੌਜਵਾਨ ਜਸਪ੍ਰੀਤ ਸਿੰਘ ’ਤੇ ਉਸ ਦੀ ਭਤੀਜੀ ਦੀ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਅਤੇ ਸਾਥੀਆਂ ਸਣੇ ਉਨ੍ਹਾਂ ਦੇ ਪਰਿਵਾਰ ’ਤੇ ਹਮਲਾ ਕਰਕੇ ਜ਼ਖਮੀ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਪੱਖ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦਕਿ ਦੋਸ਼ੀ ਉਨ੍ਹਾਂ ਦੀ ਭਤੀਜੀ ਨੂੰ ਧਮਕੀਆਂ ਦੇ ਰਹੇ ਹਨ। ਦੋਸ਼ੀਆਂ ਦੇ ਡਰ ਕਾਰਨ ਉਹ ਘਰ ਛੱਡ ਕੇ ਦੂਸਰੇ ਪਿੰਡ ਸਥਿਤ ਰਿਸ਼ਤੇਦਾਰ ਦੇ ਘਰ ’ਚ ਰਹਿ ਰਹੇ ਹਨ। ਉਨ੍ਹਾਂ ਇਸ ਸਬੰਧੀ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।
ਪੀੜਤ ਪੱਖ ਨੇ ਦੱਸਿਆ ਕਿ ਲਗਭਗ ਪੰਜ ਮਹੀਨੇ ਪਹਿਲਾਂ ਉਨ੍ਹਾਂ ਦੇ ਗੁਆਂਢ ਵਿਚ ਵਿਆਹ ਸੀ, ਜਿਸ ਦੌਰਾਨ ਉਨ੍ਹਾਂ ਦੇ ਗੁਆਂਢ ਵਿਚ ਹੀ ਰਹਿਣ ਵਾਲੇ ਜਸਪ੍ਰੀਤ ਸਿੰਘ ਨੇ ਉਨ੍ਹਾਂ ਦੀ ਭਤੀਜੀ ਦੀ ਫੋਟੋ ਖਿੱਚੀ ਅਤੇ ਉਸ ਨੂੰ ਇਕ ਗਾਣੇ ਦੇ ਆਡੀਓ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ। ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾ ਪੰਚਾਇਤ ਨੇ ਫੈਸਲਾ ਕਰਵਾ ਦਿੱਤਾ ਪਰ ਜਸਪ੍ਰੀਤ ਫਿਰ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। 22 ਅਗਸਤ ਨੂੰ ਜਸਪ੍ਰੀਤ ਨੇ ਆਪਣਏ 30-35 ਸਾਥੀਆਂ ਨਾਲ ਉਨ੍ਹਾਂ ਦੇ ਘਰ ’ਤੇ ਹਮਲਾ ਬੋਲ ਦਿੱਤਾ ਅਤੇ ਉਸ ਦੇ ਪਿਤਾ, ਮਾਮਾ ਤੇ ਭਰਾ ’ਤੇ ਕਾਤਿਲਾਨਾ ਹਮਲਾ ਕਰ ਦਿੱਤਾ। ਦੋਸ਼ੀਆਂ ਨੇ ਉਨ੍ਹਾਂ ਦੇ ਘਰ ’ਤੇ ਤੋੜਫੋੜ ਵੀ ਕੀਤੀ ਅਤੇ ਦਹਿਸ਼ਤ ਫੈਲਾਉਣ ਲਈ ਦੋ ਹਵਾਈ ਫਾਇਰ ਵੀ ਕੀਤੇ। ਉਨ੍ਹਾਂ ਦੋਸ਼ ਲਗਾਇਆ ਕਿ ਜਸਪ੍ਰੀਤ ਨਸ਼ੇੜੀ ਹੈ ਅਤੇ ਉਨ੍ਹਾਂ ਦੀ ਭਤੀਜੀ ਨੂੰ ਖੁਦਕੁਸ਼ੀ ਕਰਕੇ ਉਨ੍ਹਾਂ ਨੂੰ ਝੂਠੇ ਮਾਮਲੇ ਵਿਚ ਫਸਾਉਣ ਦੀਆਂ ਧਮਕੀਆਂ ਵੀ ਦੇ ਰਿਹਾ ਹੈ।
ਉਥੇ ਦੋਸ਼ੀ ਜਸਪ੍ਰੀਤ ਸਿੰਘ ਦੇ ਭਰਾ ਮਾਨਟਾ ਦਾ ਦੋਸ਼ ਹੈ ਕਿ ਦੋਸ਼ ਲਗਾਉਣ ਵਾਲਾ ਸ਼ਖਸ ਨੇ ਸਾਥੀਆਂ ਸਣੇ ਉਨ੍ਹਾਂ ਦੇ ਘਰ ’ਤੇ ਹਮਲਾ ਕੀਤਾ ਹੈ। ਘਰ ਦੀਆਂ ਔਰਤਾਂ ਨੂੰ ਕੁੱਟਿਆ ਹੈ ਜਿਸ ਦੀ ਵੀਡੀਓ ਉਨ੍ਹਾਂ ਦੇ ਕੋਲ ਹੈ। ਲੜਕੀ ਦੀ ਫੋਟੋ ਵਾਲੀ ਗੱਲ ਦਾ ਪੰਚਾਇਤ ਵਿਚ ਸਮਝੌਤਾ ਹੋ ਗਿਆ ਸੀ ਜਿਸ ਦੀ ਕਾਪੀ ਵੀ ਉਨ੍ਹਾਂ ਦੇ ਕੋਲ ਹੈ। ਉਥੇ ਹੀ ਕੁਲਵੰਤ ਸਿੰਘ ਏਐਸਆਈ ਸਦਰ ਥਾਣਾ ਖਰੜ ਨੇ ਕਿਹਾ ਕਿ ਕੋਰੋਨਾ ਕਾਰਨ ਪਬਲਿਕ ਡੀਲਿੰਗ ਬੰਦ ਸੀ। ਪੀੜਤ ਪੱਖ ਨੂੰ ਬੁਲਾ ਕੇ ਸ਼ਿਕਾਇਤ ਲੈ ਕੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।