ਗੜ੍ਹਸ਼ੰਕਰ : ਸਹੁਰਿਆਂ ਤੋਂ ਪ੍ਰੇਸ਼ਾਨ ਹੋ ਕੇ ਇੱਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ 32 ਸਾਲਾ ਨਰਿੰਦਰ ਕੁਮਾਰ ਵਾਸੀ ਪਿੰਡ ਸਾਧੋਵਾਲ ਵਜੋਂ ਹੋਈ ਹੈ। ਨਰਿੰਦਰ ਦਾ ਪਿਛਲੇ ਕੁਝ ਸਮੇਂ ਤੋਂ ਆਪਣੀ ਪਤਨੀ ਨੀਸ਼ਾ ਨਾਲ ਕੁਝ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਹ ਆਪਣੇ ਪੇਕੇ ਘਰ ਚਲੀ ਗਈ ਸੀ।
ਇਸ ਮਾਮਲੇ ਨੂੰ ਸੁਲਝਾਉਣ ਲਈ ਨਰਿੰਦਰ ਨੇ ਕਈ ਵਾਰ ਨੀਸ਼ਾ ਨਾਲ ਸੰਪਰਕ ਕੀਤਾ ਪਰ ਉਸਦੇ ਸਹੁਰਿਆਂ ਨੇ ਉਸ ਨੂੰ ਪਤਨੀ ਨੂੰ ਮਿਲਣ ਨਹੀਂ ਦਿੱਤਾ। ਪਿਛਲੇ ਦਿਨੀਂ ਜਦੋਂ ਉਹ ਆਪਣੀ ਪਤਨੀ ਨੂੰ ਮਨਾਉਣ ਲਈ ਆਪਣੇ ਸਹੁਰੇ ਘਰ ਗਿਆ ਤਾਂ ਇਸ ਦੌਰਾਨ ਪਤਨੀ ਦੇ ਭਰਾਵਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ।
ਇਸ ਤੋਂ ਦੁਖੀ ਹੋ ਕੇ ਨਰਿੰਦਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਸਹੁਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਗੜ੍ਹਸ਼ੰਕਰ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਨਰਿੰਦਰ ਦੇ ਪਿਤਾ ਹੁਸਨਲਾਲ ਨੇ ਦੱਸਿਆ ਕਿ ਬੇਟੇ ਦਾ ਵਿਆਹ ਨਵਾਂਸ਼ਹਿਰ ਦੇ ਹੰਸਰ ਪਿੰਡ ਵਿਚ ਨੀਸ਼ਾ ਧੀ ਸ਼ਿੰਗਾਰਾ ਰਾਮ ਨਾਲ ਹੋਇਆ ਸੀ। ਕੁਝ ਸਮੇਂ ਬਾਅਦ ਨੀਸ਼ਾ ਗਰਭਵਤੀ ਹੋ ਗਈ ਅਤੇ ਇਸ ਦੌਰਾਨ ਬੇਟੇ ਅਤੇ ਨੀਸ਼ਾ ਦਰਮਿਆਨ ਮਾਮੂਲੀ ਤਕਰਾਰ ਹੋ ਗਈ।
ਇਸ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਪੇਕੇ ਰਹਿ ਰਹੀ ਸੀ। ਹੁਸਨਲਾਲ ਨੇ ਦੱਸਿਆ ਕਿ 15 ਦਿਨ ਪਹਿਲਾਂ ਉਹ ਨਰਿੰਦਰ ਕੁਮਾਰ ਨਾਲ ਨੀਸ਼ਾ ਨੂੰ ਲੈਣ ਲਈ ਉਸ ਦੇ ਪੇਕੇ ਗਿਆ ਸੀ, ਪਰ ਪੁੱਤਰ ਦੇ ਸਹੁਰਿਆਂ ਨੇ ਉਸ ਦੀ ਨੂੰਹ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ। ਨਰਿੰਦਰ ਇਸ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ।
ਹੁਸਨਲਾਲ ਨੇ ਦੱਸਿਆ ਕਿ 3 ਜੁਲਾਈ ਨੂੰ ਨਰਿੰਦਰ ਕੁਮਾਰ ਨੀਸ਼ਾ ਨੂੰ ਮਨਾਉਣ ਲਈ ਉਸ ਦੇ ਪੇਕੇ ਗਿਆ ਸੀ, ਜਿਸ ‘ਤੇ ਨੂੰਹ ਦੇ ਭਰਾਵਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨਾਲ ਬਦਸਲੂਕੀ ਕੀਤੀ ਅਤੇ ਬੇਇੱਜ਼ਤੀ ਕੀਤੀ ਅਤੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ, ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਇੰਨਾ ਪ੍ਰੇਸ਼ਾਨ ਹੋਇਆ ਕਿ ਉਸ ਨੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਵੱਡੀ ਖਬਰ : ਦੋਰਾਹਾ ‘ਚ ਕਾਂਗਰਸੀ ਆਗੂ ਦਾ ਕਤਲ, ਘਰ ‘ਚ ਗਲੀ-ਸੜੀ ਹਾਲਤ ‘ਚ ਮਿਲੀ ਲਾਸ਼
ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਤੋਂ ਦੋਸ਼ੀ ਖਿਲਾਫ ਸਖਤ ਕਾਰਵਾਈ ਤੇ ਇਨਸਾਫ ਦੀ ਮੰਗ ਕੀਤੀ ਹੈ। ਗੜ੍ਹਸ਼ੰਕਰ ਥਾਣੇ ਦੇ ਐਸਐਚਓ ਇਕਬਾਲ ਸਿੰਘ ਨੇ ਦੱਸਿਆ ਕਿ ਹੁਸਨਲਾਲ ਦੀ ਸ਼ਿਕਾਇਤ ’ਤੇ ਅਮਨ ਅਤੇ ਦੀਪਾ ਪੁੱਤਰ ਅਸ਼ਗਾਰਾ ਰਾਮ ਖ਼ਿਲਾਫ਼ ਨਰਿੰਦਰ ਕੁਮਾਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।