Youth Akali Dal will protest : ਲੁਧਿਆਣਾ: ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਇੱਕ ਔਰਤ ਵੱਲੋਂ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਇਸ ਮਾਮਲੇ ਵਿੱਚ ਸਿਆਸਤ ਵੀ ਗਰਮਾ ਗਈ ਹੈ ਤੇ ਸਿਆਸੀ ਪਾਰਟੀਆਂ ਉਨ੍ਹਾਂ ਦੇ ਵਿਰੋਧ ਵਿੱਚ ਖੜ੍ਹੀਆਂ ਹੋ ਗਈਆਂ ਹਨ। ਇਸ ਦੇ ਚੱਲਦਿਆਂ ਯੂਥ ਅਕਾਲੀ ਦਲ 20 ਨਵੰਬਰ ਨੂੰ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਦਫਤਰ ਅਤੇ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕਰੇਗੀ। ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਵਿਧਾਇਕ ਸਿਮਰਜੀਤ ਬੈਂਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਨੌਜਵਾਨ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾਲਾ ਨੇ ਕਿਹਾ ਕਿ ਉਨ੍ਹਾਂ ਸਿਮਰਜੀਤ ਬੈਂਸ ਖ਼ਿਲਾਫ਼ ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਸਿਮਰਜੀਤ ਬੈਂਸ ਨੇ ਆਪਣੇ ਦਫਤਰ ਵਿਚ ਇਕ ਔਰਤ ਨਾਲ ਬਦਸਲੂਕੀ ਕੀਤੀ। ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਉਹ ਵਿਧਾਇਕ ਬੈਂਸ ਦੇ ਇਸ ਕਦਮ ਦਾ ਵਿਰੋਧ ਕਰਨਗੇ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕਰਨਗੇ। ਗੁਰਦੀਪ ਸਿੰਘ ਗੋਸ਼ਾਲਾ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਦਲ ਦੇ ਵਰਕਰ ਦੁਪਹਿਰ 12 ਵਜੇ ਬੈਂਸ ਦੇ ਦਫਤਰ ਦੇ ਬਾਹਰ ਪਹੁੰਚਣਗੇ ਅਤੇ ਵਿਰੋਧ ਪ੍ਰਦਰਸ਼ਨ ਕਰਨਗੇ।
ਦੱਸਣਯੋਗ ਹੈ ਕਿ ਔਰਤ ਨੇ ਦੋਸ਼ ਲਗਾਏ ਹਨ ਕਿ ਵਿਧਾਇਕ ਕੋਲ ਗਈ ਤਾਂ ਇਨਸਾਫ ਦੇ ਲਈ ਸੀ ਪਰ ਸਿਮਰਜੀਤ ਸਿੰਘ ਬੈਂਸ ਵਲੋਂ ਇਨਸਾਫ ਦੇ ਨਾਮ ‘ਤੇ ਉਸ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾ ਲਿਆ। ਪੀੜਤਾ ਨੇ ਦੱਸਿਆ ਕਿ ਇਹ ਇੱਕ ਘਰ ਸੰਬੰਧੀ ਪ੍ਰਾਪਰਟੀ ਡੀਲਰ ਤੋਂ ਪੈਸਿਆਂ ਦੇ ਲੈਣ-ਦੇਣ ਵਿਵਾਦ ਦਾ ਮਾਮਲਾ ਸੀ ਜਿਸ ‘ਚ ਔਰਤ ਨੇ ਦੱਸਿਆ ਕਿ ਉਸ ਨੂੰ ਵਧਾਇਕ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਇਸ ਨੂੰ ਹੱਲ ਕਰਵਾ ਦਿੱਤਾ ਜਾਵੇਗਾ। ਪੀੜਤਾ ਮੁਤਾਬਿਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਪਾਰਟੀ ਦਫਤਰ ਅਤੇ ਆਪਣੇ ਇੱਕ ਗੁਆਂਡੀ ਦੇ ਘਰ ਉਸ ਨਾਲ ਇਹ ਸ਼ਰਮਨਾਕ ਕਾਰਾ ਕਈ ਵਾਰ ਕੀਤਾ ਸੀ। ਪੀੜਤ ਮਹਿਲਾ ਨੇ ਕਿਹਾ ਕਿ ਉਸ ਨੇ ਆਪਣਾ ਇੱਕ ਘਰ ਵੇਚਿਆ ਸੀ ਪਰ ਪ੍ਰਾਪਰਟੀ ਡੀਲਰ ਨੇ ਪੂਰੀ ਰਕਮ ਦੇਣ ਤੋਂ ਪੱਲਾ ਝਾੜਨਾ ਸ਼ੁਰੂ ਕਰ ਦਿੱਤਾ ਤਾ ਪੀੜਤਾ ਨੇ ਵਿਧਾਇਕ ਨੂੰ ਮਦਦ ਮੰਗੀ ਸੀ, ਪਰ ਬੈਂਸ ਸਾਹਿਬ ਨੇ ਉਸ ਦਾ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ। ਉਥੇ ਹੀ ਵਿਧਾਇਕ ਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਜਾ ਰਿਹਾ ਹੈ।