ਜਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਦੇ ਇੱਕ ਅਤਿ ਗ਼ਰੀਬ ਸਬਜ਼ੀ ਉਗਾਉਣ ਵਾਲੇ ਮਾਲੀ ਦੇ ਡੇਢ ਕਿੱਲੇ ਵਿੱਚ ਲਾਈਆਂ ਸਬਜ਼ੀਆਂ ਭਾਰੀ ਮੀਂਹ ਅਤੇ ਸ਼ਹਿਰੀ ਪਾਣੀ ਦੀ ਭੇਟ ਚੜ੍ਹ ਗਈਆਂ। ਜਿਸ ਕਰਕੇ ਮਾਲੀ ਦਾ ਪਰਿਵਾਰ ਜਿਸ ਵਿੱਚ ਘਰਵਾਲੀ ਤੇ ਸਿਰਫ ਚਾਰ ਧੀਆਂ ਹੀ ਹਨ, ਨੂੰ ਭੁੱਖੇ ਮਰਨ ਦੀ ਨੌਬਤ ਆ ਪਈ ਹੈ। ਉਨ੍ਹਾਂ ਨੂੰ ਕੋਈ ਉਧਾਰ ਵੀ ਨਹੀਂ ਦੇ ਰਿਹਾ।
ਮਾਲੀ ਫੂਲ ਚੰਦ ਨੇ ਦੱਸਿਆ ਕਿ ਲੱਖਾਂ ਰੁਪਏ ਵਿਚ ਇਹ ਜ਼ਮੀਨ ਠੇਕੇ ਤੇ ਲਈ ਸੀ। ਜੋ ਕੁਝ ਹੋਰ ਕੋਲ ਸੀ ਉਹ ਸਬਜ਼ੀਆਂ ਦੀ ਸਾਂਭ ਸੰਭਾਲ ਦੇ ਲੇਖੇ ਲੱਗ ਚੁੱਕਿਆ ਹੈ। ਹੁਣ ਜਦੋਂ ਸਬਜ਼ੀਆਂ ਨੂੰ ਫਲ ਲੱਗਣਾ ਸ਼ੁਰੂ ਹੋਇਆ ਤਾਂ ਭਾਰੀ ਬਾਰਸ਼ ਦੇ ਪਾਣੀ ਤੋਂ ਇਲਾਵਾ ਸ਼ਹਿਰ ਦਾ ਪਾਣੀ ਓਵਰਫਲੋਅ ਹੋ ਕੇ ਸਬਜ਼ੀਆਂ ਨੂੰ ਆਪਣੀ ਲਪੇਟ ਵਿੱਚ ਲੈ ਗਿਆ।ਮਾਲੀ ਫੂਲ ਚੰਦ,ਪਤਨੀ ਨੈਨੀ ਦੇਵੀ ਤੋਂ ਇਲਾਵਾ ਲੜਕੀ ਗੀਤਾ ਰਾਣੀ ਨੇ ਦੱਸਿਆ, ਕਿ ਸਬਜ਼ੀ ਦੇ ਖੇਤ ਖ਼ਤਮ ਹੋਣ ਕਾਰਨ ਅਸੀਂ ਭੁੱਖੇ ਮਰ ਰਹੇ ਹਾਂ। ਸਾਡਾ ਸਾਰਾ ਦਾਰੋ- ਮਦਾਰ ਇਸ ਸਬਜ਼ੀ ਤੇ ਸੀ। ਜੇਕਰ ਖੇਤੀ ਪੂਰ ਚੜ੍ਹ ਜਾਂਦੀ ਤਾਂ ਸਾਡੇ ਪਰਿਵਾਰ ਦਾ ਗੁਜ਼ਾਰਾ ਚੱਲ ਪੈਂਦਾ। ਅਸੀਂ ਆਪ ਸਾਰੇ ਜਣੇ ਰਲ ਕੇ ਇਥੇ ਦਿਨ ਰਾਤ ਮਿਹਨਤ ਕਰਦੇ ਰਹਿੰਦੇ ਹਾਂ, ਪਰ ਭਾਰੀ ਬਾਰਸ਼ ਸਾਡੀ ਸਾਰੀ ਕਰੀ ਕਰਾਈ ਮਿਹਨਤ ਤੇ ਪਾਣੀ ਫੇਰ ਗਿਆ।ਹੁਣ ਸਾਡੀਆਂ ਨਜ਼ਰਾਂ ਪ੍ਰਸ਼ਾਸਨ ਅਤੇ ਹੋਰ ਮਾਲੀ ਮੱਦਦ ਤੇ ਟਿਕੀਆਂ ਹੋਈਆਂ ਹਨ।
ਇਸ ਬਾਰੇ ਜ਼ਮੀਨ ਮਾਲਕ ਰਣਧੀਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਲਹਿਰਾ ਦੇ ਪ੍ਰਧਾਨ ਸਰਬਜੀਤ ਸ਼ਰਮਾ ਨੇ ਕਿਹਾ, ਕਿ ਫ਼ਸਲ ਅਤੇ ਜੀਰੀ ਦੀ ਹੋਏ ਭਾਰੀ ਨੁਕਸਾਨ ਦੇ ਚੱਲਦਿਆਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਵਿਧਾਇਕ ਨਾ ਤਾਂ ਇਸ ਮਾਲੀ ਦੀ ਸਾਰ ਲੈਣ ਆਇਆ ਅਤੇ ਨਾ ਹੀ ਫਸਲਾਂ ਦੀ ਗਿਰਦਾਵਰੀ ਲਈ ਕੋਈ ਸ਼ੁਰੂਆਤ ਹੋਈ ਹੈ। ਉਨ੍ਹਾਂ ਜਿਥੇ ਆਪਣੀ ਜੀਰੀ ਦੀ ਫ਼ਸਲ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ, ਉਸ ਤੋਂ ਪਹਿਲਾਂ ਇਸ ਗ਼ਰੀਬ ਮਾਲੀ ਲਈ ਜਲਦੀ ਮੁਆਵਜ਼ਾ ਮੰਗਿਆ ਹੈ ਤਾਂ ਜੋ ਇਹ ਅਤੇ ਇਸ ਦਾ ਪਰਿਵਾਰ ਜੀਵਤ ਰਹਿ ਸਕੇ।