ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਖੜ੍ਹੇ ਕਿਸਾਨਾਂ ਦੇ ਦਿੱਲੀ ਮਾਰਚ ਬਾਰੇ ਕੁਝ ਸਮੇਂ ‘ਚ ਫੈਸਲਾ ਲਿਆ ਜਾਵੇਗਾ। ਇਸ ਸਬੰਧੀ ਅੱਜ ਸ਼ੰਭੂ ਸਰਹੱਦ ਵਿਖੇ ਕਿਸਾਨ ਆਗੂਆਂ ਦੀ ਮੀਟਿੰਗ ਚੱਲ ਰਹੀ ਹੈ। ਜਿਸ ਤੋਂ ਬਾਅਦ ਕਿਸਾਨ ਆਗੂ ਭਵਿੱਖ ਦੀ ਰਣਨੀਤੀ ਦੱਸਣਗੇ।
ਇਸੇ ਵਿਚਾਲੇ ਹਰਿਆਣਾ ਦੇ ਹਿਸਾਰ ‘ਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ। ਕਿਸਾਨ ਖਨੌਰੀ ਸਰਹੱਦ ’ਤੇ ਪੰਜਾਬ ਦੇ ਕਿਸਾਨਾਂ ਕੋਲ ਜਾਣਾ ਚਾਹੁੰਦੇ ਸਨ ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਲਾਠੀਚਾਰਜ ਕੀਤਾ ਗਿਆ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਇਹ ਦੇਖ ਕੇ ਕਿਸਾਨਾਂ ਨੇ ਪਥਰਾਅ ਕੀਤਾ। ਇਸ ਝੜਪ ਵਿੱਚ 24 ਪੁਲਿਸ ਮੁਲਾਜ਼ਮ ਅਤੇ 16 ਕਿਸਾਨ ਜ਼ਖ਼ਮੀ ਹੋ ਗਏ।
ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਨੰਬਰਦਾਰ ਨੇ ਦੋਸ਼ ਲਾਇਆ ਕਿ ਪੁਲਿਸ ਨੇ ਕਿਸਾਨਾਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ। ਉਨ੍ਹਾਂ ‘ਤੇ ਅੱਥਰੂ ਗੈਸ ਛੱਡੀ ਗਈ। ਉਨ੍ਹਾਂ ਦੇ ਟਰੈਕਟਰਾਂ ਦੇ ਟਾਇਰਾਂ ਵਿੱਚ ਕਿੱਲ ਠੋਕ ਕੇ ਹਵਾ ਕੱਢ ਦਿੱਤੀ ਗਈ।
ਇਹ ਵੀ ਪੜ੍ਹੋ : ਪੇਟੀਐੱਮ UPI ਯੂਜ਼ਰਸ ਲਈ ਚੰਗੀ ਖ਼ਬਰ, ਸਰਵਿਸ ਬਣਾਈ ਰੱਖਣ ਨੂੰ ਲੈ ਕੇ RBI ਨੇ ਚੁੱਕਿਆ ਵੱਡਾ ਕਦਮ
ਹਿਸਾਰ ਦੇ ਖੇੜੀ ਚੌਪਾਟਾ ‘ਚ ਪੁਲਿਸ ਦੇ ਲਾਠੀਚਾਰਜ ਤੋਂ ਬਾਅਦ ਗੁੱਸੇ ‘ਚ ਆਏ ਕਿਸਾਨਾਂ ਨੇ ਪੁਲਿਸ ‘ਤੇ ਪਥਰਾਅ ਕੀਤਾ। ਉਸ ਤੋਂ ਬਾਅਦ ਨੇੜਲੇ ਖੇੜੀ ਚੌਪਾਟਾ ਪੁਲਿਸ ਚੌਕੀ ’ਤੇ ਵੀ ਇੱਟਾਂ ਰੋੜੇ ਮਾਰੇ ਗਏ। ਪੁਲਿਸ ਮੁਲਾਜ਼ਮਾਂ ਨੇ ਲੁਕ ਕੇ ਆਪਣੀ ਜਾਨ ਬਚਾਈ। ਚੌਕੀ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ।