ਜੀਐੱਸਟੀ ਲੁਧਿਆਣਾ ਨੇ ਅੰਮ੍ਰਿਤਸਰ ਵਿਚ ਵੱਡੀ ਕਾਰਵਾਈ ਕੀਤੀ ਹੈ। ਅੰਮ੍ਰਿਤਸਰ ਦੇ ਬੀਮਾ ਸੈਕਟਰ ਵਿਚ 79.4 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਧੋਖਾਦੇਹੀ ਨਾਲ ਸਰਕਾਰ ਨੂੰ 12.1 ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋਇਆ। ਜੀਐੱਸਟੀ ਇੰਟੈਲੀਜੈਂਸ ਦੀ ਟੀਮ ਨੇ ਤਿੰਨ ਮੁੱਖ ਮੁਲਜ਼ਮਾਂ ਰਾਜਿੰਦਰ ਸਿੰਘ, ਮਨਮੋਹਨ ਸਿੰਘ ਤੇ ਰਜਿੰਦਰਪਾਲ ਸਿੰਘ ਨੂੰ 28 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਨ੍ਹਾਂ ਨੂੰ ਅਤੇ ਲੁਧਿਆਣਾ ਦੇ ਫਸਟ ਕਲਾਸ ਜੁਡੀਸ਼ੀਅਲ ਮੈਜਿਸਟਰੇਟ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਲੁਧਿਆਣਾ ਤੇ ਅੰਮ੍ਰਿਤਸਰ ਦੇ ਅਧਿਕਾਰੀਆਂ ਦੀ 30 ਮੈਂਬਰੀ ਟੀਮ ਨੇ 9 ਜਨਵਰੀ ਨੂੰ 12 ਵਪਾਰਕ ਤੇ ਰਿਹਾਇਸ਼ੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਅਧਿਕਾਰੀਆਂ ਨੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਜਿਸ ਤੋਂ ਸਾਬਤ ਹੁੰਦਾ ਹੈ ਕਿ ਜੀਐੱਸਟੀ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਲਈ ਫਰਜ਼ੀ ਦਸਤਾਵੇਜ਼ਾਂ ਦਾ ਇਸਤੇਮਾਲ ਕਰਕੇ ਕਈ ਫਰਮਾਂ ਨੂੰ ਫਰਜ਼ੀ ਵਿਅਕਤੀਆਂ ਦੇ ਨਾਂ ‘ਤੇ ਰਜਿਸਟਰਡ ਕਰਾਇਆ ਗਿਆ ਸੀ।
20 ਜਨਵਰੀ ਨੂੰ ਇਕ ਹੋਰ ਛਾਪੇਮਾਰੀ ਕੀਤੀ ਗਈ ਜਿਥੇ 40 ਅਧਿਕਾਰੀਆਂ ਨੇ ਅੰਮ੍ਰਿਤਸਰ ਵਿਚ ਤਲਾਸ਼ੀ ਲਈ। ਕਾਰਵਾਈ ਦੇ ਬਾਅਦ ਅਧਿਕਾਰੀਆਂ ਨੇ 22 ਧੋਖਾਦੇਹੀ ਕਰਨ ਵਾਲੇ ਫਰਮਾਂ ਦੇ ਜੀਐੱਸਟੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੇ ਤੇ ਫਰਜ਼ੀ ਬਿਲਿੰਗ ਰਾਹੀਂ ਪ੍ਰਾਪਤ ਕੀਤੇ ਗਏ 97 ਲੱਖ ਰੁਪਏ ਦੇ ਫਰਜ਼ੀ ਕ੍ਰੈਡਿਟ ਨੂੰ ਰੋਕ ਦਿੱਤਾ।
ਅਧਿਕਾਰੀਆਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਇਸ ਧੋਖਾਦੇਹੀ ਮਾਡਿਊਲ ਦੇ ਪਿੱਛੇ ਦੇ ਮਾਸਟਰਮਾਈਂਡ ਸਨ। ਉਨ੍ਹਾਂ ਨੇ ਕਈ ਫਰਜ਼ੀ ਵਪਾਰਕ ਫਰਮਾਂ ਬਣਾਈਆਂ ਤੇ ਉਨ੍ਹਾਂ ਨੂੰ ਜੀਐੱਸਟੀ ਤਹਿਤ ਰਜਿਸਟਰਡ ਕਰਾਇਆ। ਉਨ੍ਹਾਂ ਨੇ ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਓਡੀਸ਼ਾ, ਪੱਛਮੀ ਬੰਗਾਲ ਤੇ ਹਰਿਆਣਾ ਤੋਂ ਫਰਜ਼ੀ ਬਿੱਲ ਖਰੀਦੇ। ਉਹ ਗੁਰੂਗ੍ਰਾਮ ਤੇ ਦਿੱਲੀ ਦੇ ਦਲਾਲਾਂ ਵੱਲੋਂ ਬੀਮਾ ਪਾਲਿਸੀਆਂ ਵੇਚਦੇ ਹੋਏ ਬੀਮਾ ਪੁਆਇੰਟ ਆਫ ਸੇਲ ਵਿਅਕਤੀ ਵਜੋਂ ਕੰਮ ਕਰਦੇ ਸਨ। ਬੀਮਾ ਕਮਿਸ਼ਨ ‘ਤੇ ਜੀਐੱਸਟੀ ਵੇਚਣ ਲਈ ਉਨ੍ਹਾਂ ਨੇ ਫਰਜ਼ੀ ਲੈਣ-ਦੇਣ ਤੇ ਫਰਜ਼ੀ ਬਿਲਿੰਗ ਕੀਤੀ। ਹੁਣ ਤੱਕ ਫਰਜ਼ੀ ਬਿਲਿੰਗ ਆਪ੍ਰੇਸ਼ਨਾਂ ਨੇ 79.4 ਕਰੋੜ ਰੁਪਏ ਜਮ੍ਹਾ ਕੀਤੇ ਜਿਸ ਨਾਲ 12.1 ਕਰੋੜ ਰੁਪਏ ਦੀ ਅਨੁਮਾਨਤ ਜੀਐੱਸਟੀ ਚੋਰੀ ਹੋਈ।
ਇਹ ਵੀ ਪੜ੍ਹੋ : ਸਿਰਫ ਇਕ ਦਿਨ ਦਾ ਮੌਕਾ, 1 ਫਰਵਰੀ ਤੋਂ ਬਲਾਕ ਹੋ ਜਾਣਗੇ ਅਜਿਹੇ ਟ੍ਰਾਂਜੈਕਸ਼ਨ, NPCI ਨੇ ਬਦਲਿਆ ਨਿਯਮ
ਅਧਿਕਾਰੀਆਂ ਨੇ ਕਿਹਾ ਕਿ ਜੀਐੱਸਟੀ ਧੋਖਾਦੇਹੀ ਤੇ ਚੋਰੀ ਨਾਲ ਨਿਪਟਣ ਵਾਲੀ ਇਕ ਮੁੱਖ ਸਰਕਾਰੀ ਏਜੰਸੀ ਡੀਜੀਜੀਆਈ ਪੂਰੇ ਪੰਜਾਬ ਵਿਚ ਫਰਜ਼ੀ ਬਿਲਿੰਗ ਨੈਟਵਰਕ ਨੂੰ ਖਤਮ ਕਰ ਰਹੀ ਹੈ। ਹੁਣੇ ਜਿਹੇ ਦੇ ਮਹੀਨਿਆਂ ਵਿਚ ਡੀਜੀਜੀਜੀਆਈ ਨੇ ਲੁਧਿਆਣਾ, ਮੰਡੀ ਗੋਬਿੰਦਗੜ੍ਹ ਤੇ ਅੰਮ੍ਰਿਤਸਰ ਵਿਚ 1500 ਕਰੋੜ ਰੁਪਏ ਤੋਂ ਵਧ ਦੀ ਫਰਜ਼ੀ ਬਿਲਿੰਗ ਦਾ ਪਤਾ ਲਗਾਇਆ ਹੈ ਤੇ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਅਧਿਕਾਰੀਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਫਰਜ਼ੀ ਬਿਲਿੰਗ ਨਾ ਸਿਰਫ ਸਰਕਾਰ ਨੂੰ ਧੋਖਾ ਦਿੰਦੀ ਹੈ ਸਗੋਂ ਗਲਤ ਬਾਜ਼ਾਰ ਬਣਾ ਕੇ ਵਪਾਰੀਆਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ।