ਪਿੰਡ ਭਗੜਾਣਾ ਦੇ ਇੱਕ ਨੌਜਵਾਨ ਵੱਲੋਂ ਪਿੰਡ ਪੋਲਾ ਨੇੜੇ ਨਹਿਰ ‘ਚ ਛਾਲ ਮਾਰ ਕੇ ਕੀਤੀ ਗਈ ਖੁਦਕਸ਼ੀ ਦੇ ਮਾਮਲੇ ‘ਚ ਮੂਲੇਪੁਰ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ,ਸੱਸ ਅਤੇ ਦੋ ਸਾਲਿਆਂ ਵਿਰੁੱਧ ਅ/ਧ 306,34 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੂਲੇਪੁਰ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਹਰਨੇਕ ਸਿੰਘ ਵਾਸੀ ਪਿੰਡ ਭਗੜਾਣਾ ਨੇ ਦੱਸਿਆ ਕਿ ਉਸਦੀ ਲੜਕੇ ਜਸਵਿੰਦਰ ਸਿੰਘ ਦਾ ਵਿਆਹ ਗੁਰਵਿੰਦਰ ਕੌਰ ਵਾਸੀ ਪਿੰਡ ਨੀਲਪੁਰ ਜ਼ਿਲਾ ਪਟਿਆਲਾ ਨਾਲ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਸਦੇ ਲੜਕੇ ਜਸਵਿੰਦਰ ਸਿੰਘ ਨਾਲ ਉਸਦੀ ਪਤਨੀ ਗੁਰਵਿੰਦਰ ਕੌਰ,ਸੱਸ ਲਾਭ ਕੌਰ ਅਤੇ ਸਾਲੇ ਬਲਜਿੰਦਰ ਸਿੰਘ ਅਤੇ ਦਰਸ਼ਨ ਸਿੰਘ ਨੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਸ਼ਿਕਾਇਤਕਰਤਾ ਨੇ ਦੱਸਿਆ ਕਿ 27 ਜੂਨ ਨੂੰ ਦੁਖੀ ਹੋ ਕੇ ਜਸਵਿੰਦਰ ਸਿੰਘ ਘਰੋਂ ਚਲਾ ਗਿਆ ਤੇ ਨਹਿਰ ‘ਚ ਛਾਲ ਮਾਰਨ ਦਾ ਕਹਿ ਕੇ ਫੋਨ ਬੰਦ ਕਰ ਦਿੱਤਾ ਗਿਆ। ਥਾਣਾ ਮੂਲੇਪੁਰ ਦੇ ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਫ਼ਤਹਿਗੜ੍ਹ ਸਾਹਿਬ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।