ਮੁਕਤਸਰ ਜ਼ਿਲ੍ਹੇ ਵਿੱਚ ਮਾਮੂਲੀ ਝਗੜੇ ਤੋਂ ਬਾਅਦ ਸਕਾਰਪੀਓ ਸਵਾਰਾਂ ਨੇ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਮ੍ਰਿਤਕ ਦੇ ਦੋਸਤ ‘ਤੇ ਵੀ ਫਾਇਰਿੰਗ ਕੀਤੀ ਗਈ। ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਦੂਜੇ ਪਾਸੇ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਸਦਰ ਥਾਣੇ ਦੀ ਪੁਲfਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਕੁੱਲ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਾਰੇ ਦੋਸ਼ੀ ਫਰਾਰ ਹਨ।
ਥਾਣਾ ਸਦਰ ਨੂੰ ਦਿੱਤੀ ਸ਼ਿਕਾਇਤ ਵਿੱਚ ਜਗਜੀਤ ਸਿੰਘ ਬਰਾੜ ਪੁੱਤਰ ਗੁਰਟੇਕ ਸਿੰਘ ਵਾਸੀ ਰਣਜੀਤਗੜ੍ਹ ਨੇ ਦੱਸਿਆ ਕਿ ਉਸ ਦਾ ਭਤੀਜਾ ਸੁਮੀਤ ਸਿੰਘ ਬਰਾੜ (22) ਪੁੱਤਰ ਸੁਖਚੈਨ ਸਿੰਘ ਵਾਸੀ ਰੱਤੇਵਾਲਾ ਆਪਣੀ ਥਾਰ ਕਾਰ ਵਿੱਚ ਵੀਰਵਾਰ ਸਵੇਰੇ ਘਰੇਲੂ ਕੰਮ ਲਈ ਮੁਕਤਸਰ ਸਾਹਿਬ ਆਇਆ ਹੋਇਆ ਸੀ। ਸੁਮਿਤ ਦੇ ਪਿਤਾ ਸੁਖਚੈਨ ਸਿੰਘ ਦਿਵਿਆਂਗ ਹਨ। ਜਦੋਂ ਸ਼ਾਮ ਤੱਕ ਸੁਮਿਤ ਘਰ ਨਹੀਂ ਪਹੁੰਚਿਆ ਤਾਂ ਉਹ ਪਿੰਡ ਦੇ ਹੀ ਇੱਕ ਹੋਰ ਵਿਅਕਤੀ ਨੂੰ ਨਾਲ ਲੈ ਕੇ ਉਸ ਦੀ ਭਾਲ ਲਈ ਮੁਕਤਸਰ ਚਲੇ ਗਏ।
ਰਾਤ ਕਰੀਬ 8.30 ਵਜੇ ਜਦੋਂ ਉਹ ਕੇਹਰ ਸਿੰਘ ਚੌਂਕ ਕੋਲ ਪਹੁੰਚਿਆ ਤਾਂ ਦੇਖਿਆ ਕਿ ਉਸ ਦਾ ਭਤੀਜਾ ਸੁਮਿਤ ਰੈਸਟੋਰੈਂਟ ਦੇ ਬਾਹਰ ਥਾਰ ਦੀ ਕਾਰ ਦੇ ਬੋਨਟ ‘ਤੇ ਬੈਠਾ ਆਪਣੇ ਦੋਸਤਾਂ ਨਾਲ ਕੁਝ ਖਾ-ਪੀ ਰਿਹਾ ਸੀ। ਇਸੇ ਦੌਰਾਨ ਇੱਕ ਕਾਲੇ ਰੰਗ ਦੀ ਸਕਾਰਪੀਓ ਕਾਰ ਆਈ, ਜਿਸ ਨੂੰ ਜੈਰੀਤ ਸਿੰਘ ਚਲਾ ਰਿਹਾ ਸੀ। ਉਸ ਦੇ ਨਾਲ ਲਵਪ੍ਰੀਤ ਸਿੰਘ ਚਾਹਲ ਅਤੇ ਦੋ-ਤਿੰਨ ਅਣਪਛਾਤੇ ਨੌਜਵਾਨ ਬੈਠੇ ਸਨ।
ਜੈਰੀਤ ਅਤੇ ਉਸ ਦੇ ਸਾਥੀ ਆਉਂਦੇ ਹੀ ਸੁਮਿਤ ਨਾਲ ਹੱਥੋਪਾਈ ਕਰਨ ਲੱਗੇ। ਜਦੋਂ ਉਹ ਸੁਮਿਤ ਨੂੰ ਬਚਾਉਣ ਲਈ ਉਸ ਕੋਲ ਪਹੁੰਚਿਆ ਤਾਂ ਕਾਰ ਵਿੱਚ ਬੈਠੇ ਲਵਪ੍ਰੀਤ ਚਾਹਲ ਨੇ ਪਿਸਤੌਲ ਕੱਢ ਕੇ ਉਸ ਦੇ ਭਤੀਜੇ ਨੂੰ ਗੋਲੀ ਮਾਰ ਦਿੱਤੀ। ਲਵਪ੍ਰੀਤ ਨੇ ਦੂਜੀ ਗੋਲੀ ਸੁਮਿਤ ਦੇ ਦੋਸਤ ਰਿਪਨਜੀਤ ‘ਤੇ ਚਲਾਈ। ਗੋਲੀ ਉਸ ਦੀ ਛਾਤੀ ਦੇ ਖੱਬੇ ਪਾਸੇ ਲੱਗੀ। ਇਸ ਤੋਂ ਬਾਅਦ ਦੋਸ਼ੀ ਗੱਡੀ ਛੱਡ ਕੇ ਫਰਾਰ ਹੋ ਗਏ।
ਸਦਰ ਥਾਣੇ ਦੇ ਐਸਐਚਓ ਮਲਕੀਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 8.30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੇਹਰ ਸਿੰਘ ਚੌਕ ਵਿੱਚ ਸਕਾਰਪੀਓ ਸਵਾਰ ਵਿਅਕਤੀਆਂ ਵੱਲੋਂ ਦੋ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ। ਉਹ ਪੁਲਿਸ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਦੋਵਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਵੱਲੋਂ ਸੁਮਿਤ ਸਿੰਘ ਬਰਾੜ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ‘ਜੀਹਨੂੰ ਗਲਤੀ ਦਾ ਅਹਿਸਾਸ ਨਹੀਂ, ਉਹਨੂੰ ਮਾਫੀ ਕਾਹਦੀ’- ਭਾਈ ਰਾਜੋਆਣਾ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ
ਦੂਜੇ ਨੌਜਵਾਨ ਰਿਪਨਜੋਤ ਨੂੰ ਉਸ ਦੇ ਪਰਿਵਾਰ ਨੇ ਮੁਕਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਇਸ ਮਾਮਲੇ ਵਿੱਚ ਜੈਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਚਾਹਲ ਨੂੰ ਨਾਮਜ਼ਦ ਕਰਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਮੁੱਖ ਮੁਲਜ਼ਮ ਲਵਪ੍ਰੀਤ ਸਿੰਘ ਚਾਹਲ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਆਇਆ ਸੀ। ਦੋਸ਼ੀਆਂ ਦਾ ਅਸਲਾ ਲਾਇਸੈਂਸੀ ਹੈ ਜਾਂ ਗ਼ੈਰ-ਕਾਨੂੰਨੀ, ਇਹ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਤਾ ਲੱਗੇਗਾ। ਸ਼ਿਕਾਇਤਕਰਤਾ ਜਗਜੀਤ ਸਿੰਘ ਬਰਾੜ ਮੁਤਾਬਕ ਦੋਸ਼ੀ ਜੈਰੀਤ ਸਿੰਘ ਕਿਸੇ ਸਮੇਂ ਉਸ ਦੇ ਭਤੀਜੇ ਦਾ ਦੋਸਤ ਸੀ ਅਤੇ ਉਸ ਦੇ ਘਰ ਆਉਂਦਾ-ਜਾਂਦਾ ਵੀ ਰਹਿੰਦਾ ਸੀ। ਪਰ ਕੁਝ ਸਮਾਂ ਪਹਿਲਾਂ ਦੋਵਾਂ ਵਿੱਚ ਝਗੜਾ ਹੋਇਆ ਸੀ ਅਤੇ ਉਨ੍ਹਾਂ ਦੀ ਦੋਸਤੀ ਦੁਸ਼ਮਣੀ ਵਿੱਚ ਬਦਲ ਗਈ ਸੀ।
ਵੀਡੀਓ ਲਈ ਕਲਿੱਕ ਕਰੋ : –