ਫ਼ਿਰੋਜ਼ਪੁਰ ਦੀ ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਇੱਕ ਬੰਦੇ ਨੂੰ 18500 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਕਾਬੂ ਕੀਤਾ ਹੈ। ਦੋਸ਼ੀ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੋਸ਼ੀ ਇਹ ਜਾਅਲੀ ਭਾਰਤੀ ਕਰੰਸੀ ਕਿੱਥੋਂ ਲੈ ਕੇ ਆਉਂਦਾ ਸੀ।
ਐਸ.ਐਚ.ਓ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਲੱਖੋਕੇ ਬਹਿਰਾਮ ਬੱਸ ਸਟੈਂਡ ਕੋਲ ਮੌਜੂਦ ਸਨ। ਇਸੇ ਦੌਰਾਨ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਸੁਬੇਗ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਮਸੀਹ ਜਾਅਲੀ ਕਰੰਸੀ ਦਾ ਧੰਦਾ ਕਰਦਾ ਹੈ। ਉਹ ਲੋਕਾਂ ਨੂੰ ਬੇਵਕੂਫ ਬਣਾ ਕੇ ਜਾਅਲੀ ਕਰੰਸੀ ਦੇ ਕੇ ਠੱਗੀ ਮਾਰਦਾ ਹੈ ਅਤੇ ਫਿਲਹਾਲ ਦੋਸੀ ਸਪਲੈਂਡਰ ਮੋਟਰਸਾਈਕਲ ‘ਤੇ ਬੱਸ ਸਟੈਂਡ ਵੱਲ ਆ ਰਿਹਾ ਹੈ।
ਇਹ ਵੀ ਪੜ੍ਹੋ : ਮੋਹਾਲੀ : ਬੈਂਕ ਮੈਨੇਜਰ ਨੇ ਕੀਤੀ ਲੋਕਾਂ ਨਾਲ ਕਰੋੜਾਂ ਰੁਪਏ ਦੀ ਧੋ/ਖਾਧੜੀ, ਚੜ੍ਹਿਆ ਪੁਲਿਸ ਦੇ ਹੱਥੇ
ਉਕਤ ਸੂਚਨਾ ‘ਤੇ ਜਦੋਂ ਨਾਕਾਬੰਦੀ ਕੀਤੀ ਗਈ ਤਾਂ ਮੁਲਜ਼ਮਾਂ ਕੋਲੋਂ 500 ਦੇ 3 ਨੋਟ, 200 ਦੇ 7 ਨੋਟ, 100 ਰੁਪਏ ਦੇ 154 ਨੋਟ ਅਤੇ 50 ਰੁਪਏ ਦੇ 4 ਨੋਟ ਬਰਾਮਦ ਹੋਏ। ਉਕਤ ਬਰਾਮਦਗੀ ਸਬੰਧੀ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।