ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅਨਾਜ ਮੰਡੀਆਂ ਨੂੰ ਲੈ ਕੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਵੇਚਣ ਲਈ ਢੁਕਵੀਂ ਥਾਂ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਐੱਸ.ਏ.ਐੱਸ. ਨਗਰ (ਮੁਹਾਲੀ) ਦੇ ਪਿੰਡ ਸਨੇਟਾ ਅਤੇ ਫਾਜ਼ਿਲਕਾ ਦੇ ਪਿੰਡ ਅਰਨੀਵਾਲਾ ਸ਼ੇਖ ਸੁਭਾਨ ਵਿੱਚ ਦੋ ਨਵੀਆਂ ਅਨਾਜ ਮੰਡੀਆਂ ਬਣਾਈਆਂ ਗਈਆਂ ਹਨ, ਜਿੱਥੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਲੋੜੀਂਦੀ ਥਾਂ ਮੁਹੱਈਆ ਕਰਵਾਈ ਗਈ ਹੈ।
ਕਿਸਾਨ ਭਵਨ ਵਿਖੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖੁੱਡੀਆਂ ਨੇ ਕਿਹਾ ਕਿ ਅਰਨੀਵਾਲਾ ਦੀ ਦਾਣਾ ਮੰਡੀ 12 ਏਕੜ ਰਕਬੇ ਵਿੱਚ ਬਣਾਈ ਜਾਵੇਗੀ, ਜਦਕਿ ਸਨੇਟਾ ਦੀ ਮੰਡੀ 5 ਏਕੜ ਰਕਬੇ ਵਿੱਚ ਬਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਸਮੇਂ ਸੂਬੇ ਵਿੱਚ ਕੁੱਲ 1872 ਅਨਾਜ ਮੰਡੀਆਂ ਹਨ। ਕੈਬਨਿਟ ਮੰਤਰੀ ਨੇ ਪੰਜਾਬ ਮੰਡੀ ਬੋਰਡ ਦੇ ਸੰਯੁਕਤ ਸਕੱਤਰ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਅਨਾਜ ਮੰਡੀਆਂ ਦੀ ਉਸਾਰੀ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ।
ਇਹ ਵੀ ਪੜ੍ਹੋ : ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖਬਰੀ, ਮਿਲਿਆ ਨਵੇਂ ਸਾਲ ਦਾ ਤੋਹਫ਼ਾ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਅੰਨਦਾਤਿਆਂ ਦੇ ਕਲਿਆਣ ਨੂੰ ਯਕੀਨੀ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ। ਇਸ ਮੌਕੇ ‘ਤੇ ਵਿਧਾਇਕ ਐੱਸ.ਏ.ਐੱਸ. ਨਗਰ ਕੁਲਵੰਤ ਸਿੰਘ, ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਅਤੇ ਵਿਧਾਇਕ ਸ਼ੁਤਰਾਣਾ ਕੁਲਵੰਤ ਸਿੰਘ ਬਾਜੀਗਰ, ਵਿਸ਼ੇਸ਼ ਮੁੱਖ ਸਕੱਤਰ ਕੇਏਪੀ ਸਿਨ੍ਹਾ, ਸਕੱਤਰ ਪੰਜਾਬ ਮੰਡੀ ਬੋਰਡ ਮਿਸ ਅੰਮ੍ਰਿਤ ਕੌਰ ਗਿੱਲ, ਵਾਧੂ ਸਕੱਤਰ ਖੇਤੀ ਰਾਹੁਲ ਗੁਪਤਾ, ਪੰਜਾਬ ਮੰਡੀ ਬੋਰਡ ਦੇ ਸੰਯੁਕਤ ਸਕੱਤਰ ਗੀਤਿਕਾ ਸਿੰਘ ਅਤੇ ਮੰਡੀ ਬੋਰਡ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”