ਮੁਕਤਸਰ ਸਾਹਿਬ ‘ਚ ਇਕ ਨੌਜਵਾਨ ਦੇ ਸਿਰ ‘ਤੇ ਸਿਹਰਾ ਤਾਂ ਸਜਿਆ ਪਰ ਉਹ ਆਪਣੀ ਵਹੁਟੀ ਨੀਹੀਂਲਿਆ ਸਕਿਆ। ਉਹ ਬਰਾਤ ਨਾਲ ਕੁੜੀ ਦੇ ਘਰ ਰਵਾਨਾ ਹੋਣ ਦੀ ਉਡੀਕ ਕਰਦਾ ਰਹਿ ਗਿਆ, ਐਨ ਮੌਕੇ ਵਿਚੋਲਣ 50 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਈ। ਉਹ ਕੁੜੀ ਦੇ ਘਰ ਤਿਆਰੀਆਂ ਨੂੰ ਵੇਖਣ ਦੀ ਗੱਲ ਕਹਿ ਕੇ ਗਈ ਸੀ, ਪਰ ਪਰਤ ਕੇ ਨਹੀਂ ਆਈ। ਉਸ ਨੇ ਕੁੜੀ ਦੇ ਪਿਤਾ ਨਾ ਹੋਣ ਦੀ ਗੱਲ ਕਹਿ ਕੇ ਖੁਦ ਸ਼ਗਨ ਪਾ ਕੇ ਵਿਆਹ ਪੱਕਾ ਕੀਤਾ ਸੀ। ਮੁੰਡੇ ਵਾਲਿਆਂ ਨੇ ਉਸ ‘ਤੇ ਭਰੋਸਾ ਕਰਦੇ ਹੋਏ ਕੁੜੀ ਤੇ ਉਸ ਦੇ ਘਰ ਨੂੰ ਵੀ ਨਹੀਂ ਵੇਖਿਆ ਸੀ।
ਉਹ ਕੁੜੀ ਨੂੰ ਦੇਖੇ ਬਿਨਾਂ ਹੀ ਵਿਆਹ ਲਈ ਤਿਆਰ ਹੋ ਗਏ ਸਨ। ਮੁੰਡੇ ਦੇ ਪਰਿਵਾਰ ਨੇ ਵਿਆਹ ‘ਤੇ 3 ਤੋਂ 4 ਲੱਖ ਰੁਪਏ ਖਰਚ ਕੀਤੇ ਸਨ ਪਰ ਸਾਰੀਆਂ ਤਿਆਰੀਆਂ ਬੇਕਾਰ ਰਹੀਆਂ। ਮਾਮਲਾ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦਾ ਹੈ। ਪਿੰਡ ਦੀ ਇੱਕ ਔਰਤ 26 ਸਾਲਾਂ ਅਰਸ਼ਦੀਪ ਸਿੰਘ ਦੇ ਵਿਆਹ ਲਈ ਵਿਚੋਲਣ ਬਣ ਗਈ। ਉਸ ਨੇ ਅਰਸ਼ਦੀਪ ਨੂੰ ਵਿਆਹ ਦੇ ਸੁਪਨੇ ਦਿਖਾ ਕੇ ਪਹਿਲਾਂ ਵਿਆਹ ਕਰਵਾਉਣ ਦੇ ਨਾਂ ’ਤੇ 35 ਹਜ਼ਾਰ ਰੁਪਏ ਲਏ। ਪਿੰਡ ਦੀ ਔਰਤ ’ਤੇ ਭਰੋਸਾ ਕਰਦਿਆਂ ਅਰਸ਼ਦੀਪ ਅਤੇ ਉਸ ਦੇ ਪਿਤਾ ਅੰਗਰੇਜ਼ ਸਿੰਘ ਨੇ ਕੁੜੀ ਨੂੰ ਦੇਖਣ ਦੀ ਜ਼ਿੱਦ ਵੀ ਨਹੀਂ ਕੀਤੀ।
ਅਰਸ਼ਦੀਪ ਸਿੰਘ ਨੇ ਦੱਸਿਆ ਕਿ ਵਿਚੋਲਣ ਨੇ ਕਿਹਾ ਕਿ ਕੁੜੀ ਦੇ ਪਿਤਾ ਨਹੀਂ ਹਨ ਇਸ ਲਈ ਉਹ ਆਪਣੇ ਪੱਧਰ ‘ਤੇ ਵਿਆਹ ਕਰਵਾਏਗੀ। ਔਰਤ ਨੇ ਖੁਦ ਹੀ ਉਸ ਨੂੰ ਸ਼ਗਨ ਪਾ ਕੇ ਵਿਆਹ ਪੱਕਾ ਕੀਤਾ ਅਤੇ ਬੀਤੇ ਦਿਨ ਉਸ ਨੂੰ ਬਰਾਤ ਲੈ ਕੇ ਫਰੀਦਕੋਟ ਦੇ ਪਿੰਡ ਬਰਗਾੜੀ ਪਹੁੰਚਣ ਲਈ ਕਹਿ ਦਿੱਤਾ।
ਅਰਸ਼ਦੀਪ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਦੱਸਿਆ ਕਿ ਵਿਆਹ ਲਈ ਘਰ ਨੂੰ ਸਜਾਇਆ ਗਿਆ ਸੀ। ਪਕਵਾਨ ਤਿਆਰ ਕੀਤੇ ਗਏ ਸਨ। ਬਰਾਤ ਕੱਢਣ ਤੋਂ ਪਹਿਲਾਂ ਸਹਿਰਾਬੰਦੀ ਦੀ ਰਸਮ ਪੂਰੀ ਕੀਤੀ ਗਈ। ਇਸ ਦੌਰਾਨ ਵਿਚੋਲਣ ਨੇ ਕਿਹਾ ਕਿ ਉਹ ਆਪ ਹੀ ਵਿਆਹ ਦੀ ਬਰਾਤ ਕੁੜੀ ਦੇ ਘਰ ਲਿਜਾਏਗੀ। ਵਿਚੋਲਣ ਨੇ ਕਿਹਾ ਕਿ ਉਹ ਪਹਿਲਾਂ ਕੁੜੀ ਦੇ ਘਰ ਵਿਆਹ ਦੀਆਂ ਤਿਆਰੀਆਂ ਦੇਖ ਕੇ ਆਏਗੀ। ਇਸ ਦੇ ਲਈ ਉਸ ਨੇ 10 ਹਜ਼ਾਰ ਰੁਪਏ ਹੋਰ ਲਏ।
ਜਦੋਂ ਉਹ ਕਾਫੀ ਦੇਰ ਤੱਕ ਨਾ ਆਈ ਤਾਂ ਉਸ ਨੇ ਵਿਚੋਲਣ ਨੂੰ ਫੋਨ ਕੀਤਾ, ਫਿਰ ਉਸ ਨੇ ਪਹਿਲਾਂ ਲੜਕੀ ਦੇ ਭੱਜਣ ਦਾ ਅਤੇ ਫਿਰ ਕੁੜੀ ਦੇ ਭਰਾ ਦੀ ਮੌਤ ਦਾ ਬਹਾਨਾ ਬਣਾਇਆ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਵਿਚੋਲਣ ਨੂੰ ਲਗਾਤਾਰ ਫੋਨ ਕਰਨਾ ਸ਼ੁਰੂ ਕੀਤਾ ਤਾਂ ਉਸ ਨੇ ਫੋਨ ਬੰਦ ਕਰ ਦਿੱਤਾ ਅਤੇ ਫਰਾਰ ਹੋ ਗਈ।
ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਸ ਨੇ ਵਿਆਹ ਕਰਵਾਉਣ ਲਈ 3 ਤੋਂ 4 ਲੱਖ ਰੁਪਏ ਖਰਚ ਕੀਤੇ ਹਨ। ਉਹ ਦੋਵੇਂ ਦਿਹਾੜੀ ਮਜ਼ਦੂਰੀ ਕਰਕੇ ਪੈਸੇ ਕਮਾਉਂਦੇ ਸਨ। ਉਨ੍ਹਾਂ ਨੇ ਮੁਕਤਸਰ ਸਾਹਿਬ ਦੇ ਬਰੀਵਾਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਫਰਾਰ ਵਿਚੋਲਣ ਦੀ ਭਾਲ ਲਈ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਔਰਤ ਨੂੰ ਜਲਦ ਹੀ ਫੜ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”