ਮੋਹਾਲੀ ਦੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਸਾਬਕਾ ਚੀਫ ਇੰਜੀਨੀਅਰ ਸੁਰਿੰਦਰ ਪਾਲ ਉਰਫ ਪਹਿਲਵਾਨ ਤੇ ਉਸ ਦੀ ਪਤਨੀ ਮਨਦੀਪ ਕੌਰ ਸਣੇ ਨਿੱਜੀ ਕੰਪਨੀਆਂ ਤੇ ਡਾਇਰੈਕਟਰਾਂ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਜਾਵੇਗਾ। ਈਡੀ ਦੀ ਸ਼ਿਕਾਇਤ ‘ਤੇ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਇਹ ਮੁਕੱਦਮਾ ਦਰਜ ਕਰਨ ਦਾ ਹੁਕਮ ਸੁਣਾਇਆ ਹੈ।
ਪੰਜਾਬ ਵਿਜੀਲੈਂਸ ਨੇ ਪਹਿਲਵਾਨ ਸਣੇ ਉਸ ਦੇ ਕਈ ਸਾਥੀਆਂ ‘ਤੇ ਧੋਖਾਦੇਹੀ ਤੇ ਭ੍ਰਿਸ਼ਟਾਚਾਰ ਦੀਆਂ ਕਈ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ। ਗਮਾਡਾ ਦੇ ਚੀਫ ਇੰਜੀਨੀਅਰ ਤੇ ਪੰਜਾਬ ਮੰਡੀ ਬੋਰਡ ਵਿਚ ਰਹਿੰਦੇ ਹੋਏ ਇਹ ਭ੍ਰਿਸ਼ਟਾਚਾਰ ਕੀਤਾ ਸੀ ਜਿਸ ਦਾ ਖੁਲਾਸਾ ਕਾਂਗਰਸ ਸਰਕਾਰ ਦੌਰਾਨ ਹੋਇਆ ਸੀ।
ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਘੁੰਮਣ ਦੇ ਬਾਅਦ ਮੰਡੀ ਬੋਰਡ ਤੇ ਗਮਾਡਾ ਵਿਚ ਬਤੌਰ ਚੀਫ ਇੰਜੀਨੀਅਰ ਸੇਵਾਵਾਂ ਦੇਣ ਵਾਲੇ ਸੁਰਿੰਦਰ ਪਾਲ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਫੀ ਬਦਨਾਮ ਰਿਹਾ। ਉਸ ਨੇ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਕੇ ਕਰੋੜਾਂ ਰੁਪਏ ਹੜੱਪੇ। ਈਡੀ ਨੇ ਜਾਂਚ ਵਿਚ ਪਾਇਆ ਕਿ ਪਹਿਲਵਾਨ ਨੇ ਚੀਫ ਇੰਜੀਨੀਅਰ ਦੇ ਅਹੁਦੇ ‘ਤੇ ਰਹਿੰਦੇ ਹੋਏ ਕਈ ਕੰਪਨੀਆਂ ਤੋਂ ਕੰਮ ਦੇ ਬਦਲੇ ਕਰੋੜਾਂ ਰੁਪਏ ਲਏ।
ਪਹਿਲਵਾਨ ਨੇ ਕਰੋੜਾਂ ਰੁਪਏ ਕਮਾ ਕੇ ਤਿੰਨ ਕੰਪਨੀਆਂ ਬਣਾਈਆਂ ਤੇ ਸਾਰਾ ਪੈਸਾ ਇਨ੍ਹਾਂ ਵਿਚ ਨਿਵੇਸ਼ ਕਰ ਦਿੱਤਾ। ਈਡੀ ਨੇ 63 ਜਾਇਦਾਦਾਂ ਪਹਿਲਵਾਨ, ਉਸ ਦੇ ਰਿਸ਼ਤੇਦਾਰਾਂ ਤੇ ਕਰੀਬੀਆਂ ਦੀਆਂ ਜ਼ਬਤ ਕੀਤੀਆਂ ਹਨ। ਇਹ ਸਾਰੀਆਂ ਜਾਇਦਾਦਾਂ ਗਲਤ ਕਮਾਈ ਨਾਲ ਬਣਾਈਆਂ ਗਈਆਂ ਸਨ।
ਈਡੀ ਅਧਿਕਾਰੀਆਂ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਪਹਿਲਾਂ ਸੁਰਿੰਦਰ ਪਾਲ ਉਰਫ ਪਹਿਲਵਾਨ ਖਿਲਾਫ ਮਾਮਲਾ ਪੰਜਾਬ ਵਿਜੀਲੈਂਸ ਨੇ ਦਰਜ ਕੀਤਾ ਸੀ ਪਰ ਖਾਤਿਆਂ ਵਿਚ ਕਰੋੜਾਂ ਦੀ ਟ੍ਰਾਂਜੈਕਸ਼ਨ ਤੇ ਕੰਪਨੀਆਂ ਵਿਚ ਨਿਵੇਸ਼ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਸ ਕੇਸ ਨੂੰ ਈਡੀ ਨੂੰ ਸੌਂਪ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਅਮਰੀਕਾ ਰਹਿੰਦੇ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ, 6 ਸਾਲ ਪਹਿਲਾਂ ਗਿਆ ਸੀ ਵਿਦੇਸ਼
ਮਾਮਲਾ ਈਡੀ ਕੋਲ ਪਹੁੰਚਣ ਦੇ ਬਾਅਦ ਪਹਿਲਵਾਨ ਨੂੰ ਸਵਾਲਾਂ ਦੀ ਲਿਸਟ ਦੇ ਕੇ ਕਰੋੜਾਂ ਰੁਪਏ ਦਾ ਹਿਸਾਬ ਮੰਗਿਆ ਗਿਆ ਸੀ। ਆਮਦਨ ਦੇ ਸੋਰਸ ਬਾਰੇ ਪੁੱਛਿਆ ਗਿਆ ਸੀ ਪਰ ਕਰੋੜਾਂ ਰੁਪਏ ਦੀ ਐੱਫਡੀਆਰ, ਕਰੋੜਾਂ ਰੁਪੇ ਦੀਆਂ ਜਾਇਦਾਦਾਂ ਦੇ ਨਾਲ-ਨਾਲ ਤਿੰਨ ਆਪਣੀਆਂ ਨਿੱਜੀਆਂ ਕੰਪਨੀਆਂ ਖੜ੍ਹੀਆਂ ਕਰਨ ਵਾਲੇ ਇੰਜੀਨੀਅਰ ਪਹਿਲਵਾਨ ਕੋਲ ਕੋਈ ਸੰਤੋਸ਼ਜਨਕ ਜਵਾਬ ਨਹੀਂ ਸੀ।ਇਸ ‘ਤੇ ਈਡੀ ਨੇ ਕਾਰਵਾਈ ਕੀਤੀ।
ਵੀਡੀਓ ਲਈ ਕਲਿੱਕ ਕਰੋ : –