ਫ਼ਿਰੋਜ਼ਪੁਰ ‘ਚ ਬਾਈਕ ‘ਤੇ ਜਾ ਰਹੇ ਮਾਂ-ਪੁੱਤ ਖੇਤਾਂ ‘ਚ ਬਲ ਰਹੇ ਪਰਾਲੀ ‘ਚ ਡਿੱਗ ਗਏ, ਜਿਸ ਕਾਰਨ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਫ਼ਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਪਿੰਡ ਸਵਾਈਆਂ ਰਾਏ ਉਤਾੜ ਨੇੜੇ ਖੇਤਾਂ ਵਿੱਚ ਪਰਾਲੀ ਸਾੜਨ ਕਾਰਨ ਸੜਕ ’ਤੇ ਧੂੰਆਂ ਫੈਲ ਗਿਆ ਸੀ, ਜਿਸ ਕਾਰਨ ਸੜਕ ਨਜ਼ਰ ਨਹੀਂ ਆ ਰਹੀ ਸੀ ਅਤੇ ਬਾਈਕ ਸਵਾਰ ਮਾਂ-ਪੁੱਤ ਧੂੰਏਂ ਕਾਰਨ ਪਰਾਲੀ ਦੇ ਖੇਤ ‘ਚ ਡਿੱਗ ਕੇ ਝੁਲਸ ਗਏ।
ਪੀੜਤ ਔਰਤ ਨੇ ਦੱਸਿਆ ਕਿ ਕੰਮ ਕਰਨ ਤੋਂ ਬਾਅਦ ਉਹ ਆਪਣੇ ਬੇਟੇ ਨਾਲ ਬਾਈਕ ‘ਤੇ ਘਰ ਪਰਤ ਰਹੀ ਸੀ। ਉਹ ਇਲਾਕੇ ਵਿੱਚ ਪੈਂਦੀ ਲਕਸ਼ਮਣ ਨਹਿਰ ਦੇ ਨਾਲ ਆ ਰਹੇ ਸਨ। ਪਿੰਡ ਸਵਾਈਆਂ ਰਾਏ ਉਤਾੜ ਵਿੱਚ ਇੱਕ ਕਿਸਾਨ ਨੇ ਖੇਤ ਵਿੱਚ ਪਏ ਪਰਾਲੀ ਨੂੰ ਅੱਗ ਲਾਈ ਹੋਈ ਸੀ। ਧੂੰਏਂ ਕਾਰਨ ਸੜਕ ‘ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਉਸ ਦੀ ਬਾਈਕ ਬੇਕਾਬੂ ਹੋ ਕੇ ਪਰਾਲੀ ਦੇ ਖੇਤ ਵਿਚ ਜਾ ਡਿੱਗੀ। ਇਸ ਹਾਦਸੇ ‘ਚ ਮਾਂ-ਪੁੱਤ ਦੋਵੇਂ ਝੁਲਸ ਗਏ।
ਇਹ ਵੀ ਪੜ੍ਹੋ : ਆਪਣੇ ਪੁਰਾਣੇ ਕਾਲਜ ‘ਚ ਮੁੱਖ ਮਹਿਮਾਨ ਬਣ ਪਹੁੰਚੇ CM ਮਾਨ, ਸਾਰਿਆਂ ਸਾਹਮਣੇ ਖੋਲ੍ਹੇ ਆਪਣੇ ਰਾਜ਼!
ਪਿੰਡ ਦੇ ਲੋਕਾਂ ਨੇ ਦੋਵਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਗਾਉਣ ‘ਤੇ ਪਾਬੰਦੀ ਲਗਾਈ ਹੋਈ ਹੈ, ਇਸ ਦੇ ਬਾਵਜੂਦ ਕਿਸਾਨ ਖੇਤਾਂ ‘ਚ ਪਰਾਲੀ ਨੂੰ ਖੁੱਲ੍ਹੇਆਮ ਅੱਗ ਲਗਾ ਰਹੇ ਹਨ।