ਖਨੌਰੀ ਬਾਰਡਰ ‘ਤੇ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮਾਂ ਅਚਾਨਕ ਕੈਮਰੇ ਦੀ ਸਾਹਮਣੇ ਆ ਗਈ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼ੁਭਕਰਨ ਦੀ ਮਾਂ ਦੀ ਮੌਤ ਹੋ ਚੁੱਕੀ ਹੈ। ਸ਼ੁਭਕਰਨ ਸਿੰਘ ਦੀ ਮਾਂ ਨੇ ਦੱਸਿਆ ਕਿ ਉਸ ਦੇ ਮੌਤ ਦੀ ਅਫਵਾਹ ਉਡਾਈ ਜਾ ਰਹੀ ਹੈ। ਉਹ ਕਰੀਬ 13 ਸਾਲ ਪਹਿਲਾਂ ਨਸ਼ੇ ਦੇ ਕਾਰਨ ਆਪਣੇ ਪਤੀ ਤੋਂ ਵੱਖ ਹੋ ਗਈ ਸੀ। ਉਸ ਨੇ ਦਾਅਵਾ ਕੀਤਾ ਕਿ ਵੱਖ ਹੋਣ ਦੇ ਬਾਵਜੂਦ ਸ਼ੁਭਕਰਨ ਉਸ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ।
ਉਸ ਦੀ ਮਾਂ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ, ਸ਼ੁਭਕਰਨ ਇਕਲੌਤਾ ਪੁੱਤਰ ਸੀ, ਜਿਸ ਦੀ ਦੇਖਭਾਲ ਉਨ੍ਹਾਂ ਦੇ ਦਾਦਾ-ਦਾਦੀ ਨੇ ਕੀਤੀ, ਜਿਨ੍ਹਾਂ ਦਾ ਵੀ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ। ਉਸ ਨੇ ਕਿਹਾ ਕਿ ਉਸ ਨੇ ਦੁਬਾਰਾ ਵਿਆਹ ਕਰਵਾ ਲਿਆ ਹੈ ਅਤੇ ਇਸ ਵੇਲੇ ਉਹ ਆਪਣੇ ਸਹੁਰੇ ਘਰ ਰਹਿੰਦੀ ਹੈ। ਉਸਨੇ ਸਪੱਸ਼ਟ ਕੀਤਾ ਕਿ ਉਹ ਸਿਰਫ ਆਪਣੇ ਪੁੱਤਰ ਦੇ ਚਿਹਰੇ ਦੀ ਝਲਕ ਵੇਖਣ ਆਈ ਹੈ।
ਜ਼ਿਕਰਯੋਗ ਹੈ ਕਿ ਪਟਿਆਲਾ ਸਥਿਤ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਐਚ.ਐਸ.ਰੇਖੀ ਨੇ ਸਪੱਸ਼ਟ ਕੀਤਾ ਸੀ ਕਿ ਸ਼ੁਭਕਰਨ ਨੂੰ ਗੋਲੀ ਲੱਗੀ ਸੀ, ਜਦਕਿ ਮੌਤ ਦੇ ਸਹੀ ਕਾਰਨਾਂ ਦੀ ਪੋਸਟਮਾਰਟਮ ਜਾਂਚ ਤੋਂ ਪੁਸ਼ਟੀ ਹੋਣ ਦੀ ਉਡੀਕ ਹੈ।
ਇਹ ਵੀ ਪੜ੍ਹੋ : ਖਨੌਰੀ ਬਾਰਡਰ ‘ਤੇ ਲਾਠੀਚਾਰਜ, ਕਿਸਾਨਾਂ ‘ਤੇ ਦਾਗੇ ਗਏ ਹੰਝੂ ਗੈਸ ਦੇ ਗੋਲੇ, ਕੱਢੀ ਟਰੈਕਟਰਾਂ ਦੀ ਹਵਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ੁਭਕਰਨ ਸਿੰਘ ਦੀ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਸਰਕਾਰ ਦ੍ਰਿੜ੍ਹ ਹੈ। ਇਸ ਨੌਜਵਾਨ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਘਿਨੋਉਣੇ ਜੁਰਮ ਲਈ ਜ਼ਿੰਮੇਵਾਰ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਨਰਮੀ ਦੇ ਹੱਕਦਾਰ ਨਹੀਂ ਅਤੇ ਉਨ੍ਹਾਂ ਨੂੰ ਆਪਣੇ ਗੁਨਾਹ ਦੀ ਢੁਕਵੀਂ ਸਜ਼ਾ ਮਿਲੇਗੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਭਕਰਨ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਸ਼ੁਭਕਰਨ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ।