ਪਟਿਆਲਾ ਵਿਚ ਇੱਕ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੁੱਤਰ ਦੀ ਕੀਤੀ ਗਲਤੀ ਲਈ ਉਸ ਦੀ ਮਾਂ ਨੂੰ ਤਾਲਿਬਾਨੀ ਸਜ਼ਾ ਦਿੱਤੀ ਗਈ। ਔਰਤ ਨੂੰ ਕਈ ਘੰਟਿਆਂ ਤੱਕ ਖੰਭੇ ਨਾਲ ਬੰਨ੍ਹ ਕੇ ਕੁੱਟਿਆ ਗਿਆ। ਡੇਲੀ ਪੋਸਟ ਪੰਜਾਬੀ ‘ਤੇ ਇਸ ਖਬਰ ਦੇ ਪ੍ਰਕਾਸ਼ਤ ਹੋਣ ਮਗਰੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਸਬੰਧੀ ਨੋਟਿਸ ਲਿਆ ਹੈ ਤੇ ਇਸ ਮਾਮਲੇ ਵਿਚ SSP ਪਟਿਆਲਾ ਨੂੰ ਤੁਰੰਤ ਕੇਸ ਦਰਜ ਕਰਨ ਅਤੇ ਮਾਮਲੇ ਦੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।
ਦੱਸ ਦੇਈਏ ਕਿ ਮਾਮਲਾ ਰਾਜਪੁਰਾ ਦੇ ਪਿੰਡ ਜਨਸੂਆਂ ਦਾ ਹੈ। ਜਿਥੇ ਔਰਤ ਨੂੰ ਖੰਭੇ ਨਾਲ 4 ਘੰਟੇ ਤੱਕ ਬੰਨ੍ਹ ਕੇ ਰੱਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਦਾ ਪੁੱਤਰ 2 ਬੱਚਿਆਂ ਦੀ ਮਾਂ ਨੂੰ ਭਜਾ ਕੇ ਲੈ ਗਿਆ, ਜਿਸ ਦੀ ਸਜ਼ਾ ਉਸ ਦੀ ਮਾਂ ਨੂੰ ਦਿੱਤੀ ਗਈ।
ਔਰਤ ਦਾ ਕਹਿਣਾ ਹੈ ਕਿ ਪਿੰਡ ਵਾਲੇ ਉਸ ਨੂੰ ਵਾਰ-ਵਾਰ ਪੁੱਛ ਰਹੇ ਹਨ ਕਿ ਉਹ ਦੱਸੇ ਕਿ ਉਹ ਦੋਵੇਂ ਕਿੱਥੇ ਹਨ ਪਰ ਔਰਤ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਸ ਦਾ ਪੁੱਤਰ ਤੇ ਉਹ ਔਰਤ ਕਿੱਥੇ ਹੈ। ਜਦੋਂ ਮੌਕੇ ‘ਤੇ ਪੁਲਿਸ ਪਹੁੰਚੀ ਤੇ ਇਸ ਔਰਤ ਨੂੰ ਥਾਣੇ ਲਿਜਾਇਆ ਗਿਆ ਤਾਂ ਪਿੰਡ ਵਾਲੇ ਥਾਣੇ ਵੀ ਪਹੁੰਚ ਗਏ, ਜਿਥੇ ਮਾਹੌਲ ਕਾਫੀ ਗਰਮਾ ਗਿਆ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਇੱਕ ਪਿਓ-ਪੁੱਤ ਦੀ ਗ੍ਰਿਫ਼ਤਾਰੀ ਹੋਈ ਹੈ। ਰਾਜਪੁਰਾ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਸ ਮਾਮਲੇ ਦਾ ਸੋ ਮੋਟੋ ਲੈਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਦਾ ਕੇਸ ਦਰਜ ਕਰਕੇ ਤੁਰੰਤ ਕਿਸੇ ਸੀਨੀਅਰ ਅਧਿਕਾਰੀ ਤੋਂ ਪੜਤਾਲ/ਕਾਰਵਾਈ ਕਰਵਾਈ ਜਾਵੇ ਤੇ ਕੀਤੀ ਗਈ ਕਾਰਵਾਈ ਦੀ ਸੰਬੰਧੀ ਰਿਪੋਰਟ ਕਮਿਸ਼ਨ ਨੂੰ ਭਲਕੇ 7 ਅਪ੍ਰੈਲ ਤੱਕ ਭੇਜੀ ਜਾਵੇ।
ਇਹ ਵੀ ਪੜ੍ਹੋ : Gay Pride ਪਰੇਡ ਨੂੰ ਲੈ ਕੇ ਵੱਡੀ ਖਬਰ! ਸਿੱਖ ਜੱਥੇਬੰਦੀਆਂ ਦੇ ਵਿਰੋਧ ਮਗਰੋਂ ਪ੍ਰਬੰਧਕਾਂ ਨੇ ਲਿਆ ਅਹਿਮ ਫੈਸਲਾ
ਇਸ ਸਬੰਧੀ ਗੱਲਬਾਤ ਕਰਦਿਆਂ ਔਰਤ ਨੇ ਦੱਸਿਆ ਕਿ ਉਸ ਨੂੰ ਆਪਣੇ ਮੁੰਡੇ ਤੇ ਉਸ ਕੁੜੀ ਵਿਚ ਕਿਸੇ ਗੱਲਬਾਤ ਦਾ ਪਤਾ ਨਹੀਂ ਸੀ। ਉਹ ਇਥੇ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਆਈ ਸੀ ਤਾਂ ਉਸ ਕੁੜੀ ਦੀ ਸੱਸ-ਸਹੁਰੇ ਅਤੇ ਉਨ੍ਹਾਂ ਦੇ ਪੁੱਤਰ ਨੇ ਉਸ ਨੂੰ ਰੱਸੇ ਨਾਲ ਬੰਨ੍ਹ ਦਿੱਤਾ। ਉਥੇ ਪੰਜ-ਛੇ ਸੌ ਬੰਦਾ ਇਕੱਠਾ ਸੀ ਪਰ ਕਿਸੇ ਨੇ ਨਹੀਂ ਛੱਡਿਆ। ਫਿਰ ਪੁਲਿਸ ਆਈ ਤਾਂ ਉਨ੍ਹਾਂ ਨੂੰ ਛੁਡਾਇਆ ਤੇ ਥਾਣੇ ਲੈ ਆਏ। ਉਹ ਲੋਕ ਉਥੇ ਵੀ ਪਹੁੰਚ ਗਏ ਅਤੇ ਥਾਣੇ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਲਾਠੀ ਚਾਰਜ ਵੀ ਹੋਇਆ। ਉਸ ਨੇ ਦੱਸਿਆ ਕਿ ਉਹ ਖੁਦ ਲੁਧਿਆਣੇ ਰਹਿੰਦੀ ਹੈ ਤੇ ਉਸ ਦੇ ਬੱਚੇ ਰਾਜਪੁਰਾ ਵਿਚ ਰਹਿੰਦੇ ਹਨ। ਉਸ ਦੇ ਮੁੰਡੇ ਦੀ ਉਮਰ ਅਜੇ 18 ਸਾਲ ਦੀ ਹੋਈ ਹੈ। ਉਸ ਨੂੰ ਇਸ ਮਾਮਲੇ ਬਾਰੇ ਕੁਝ ਵੀ ਨਹੀਂ ਪਤਾ ਸੀ। ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ 2 ਬੰਦੇ ਅਰੈਸਟ ਕਰ ਲਏ ਗਏ ਹਨ ਤੇ ਅੱਜ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
