ਲੁਧਿਆਣਾ ‘ਚ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਗੰਨਮੈਨ ਦੀ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਹ ਸੀਆਈਐਸਐਫ ਜਵਾਨ ਰੋਜ਼ ਗਾਰਡਨ ਨੇੜੇ ਬਿੱਟੂ ਦੇ ਸਰਕਾਰੀ ਘਰ ਵਿੱਚ ਤਾਇਨਾਤ ਸੀ। ਦੇਰ ਰਾਤ ਪਿਸਤੌਲ ‘ਚੋਂ ਚੱਲੀ ਗੋਲੀ ਧੌਣ ‘ਚੋਂ ਵੜ ਕੇ ਸਿਰ ‘ਚੋਂ ਲੰਘ ਗਈ। ਬਿੱਟੂ ਉਸ ਸਮੇਂ ਘਰ ਨਹੀਂ ਸੀ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਮ੍ਰਿਤਕ ਫੌਜੀ ਦੀ ਪਛਾਣ ਸੰਦੀਪ ਕੁਮਾਰ (32) ਵਾਸੀ ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਗੋਲੀ ਦੀ ਆਵਾਜ਼ ਨਾਲ ਪੂਰਾ ਇਲਾਕਾ ਹਿੱਲ ਗਿਆ। ਜਦੋਂ ਉਥੇ ਤਾਇਨਾਤ ਉਸ ਦੇ ਸਾਥੀ ਉਸ ਦੇ ਕਮਰੇ ਦੇ ਨੇੜੇ ਪਹੁੰਚੇ ਤਾਂ ਸੰਦੀਪ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਪਿਆ ਸੀ। ਜਵਾਨਾਂ ਨੇ ਤੁਰੰਤ ਇਸ ਬਾਰੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਸੂਚਨਾ ਤੋਂ ਬਾਅਦ CISF ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪੁੱਜੇ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਕਿਵੇਂ ਚੱਲੀ। ਅਧਿਕਾਰੀ ਦੇਰ ਰਾਤ ਤੱਕ ਬਿੱਟੂ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਦੇ ਰਹੇ। ਕੇਂਦਰ ਸਰਕਾਰ ਦੀ ਸੁਰੱਖਿਆ ਫੋਰਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।
ਹਾਦਸੇ ਸਮੇਂ ਸੰਸਦ ਮੈਂਬਰ ਬਿੱਟੂ ਕੋਠੀ ਵਿੱਚ ਮੌਜੂਦ ਨਹੀਂ ਸਨ। ਉਹ ਕਿਸੇ ਪਾਰਟੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਉਨ੍ਹਾਂ ਦੀ ਸਕਿਓਰਿਟੀ ਨੇ ਹੀ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਹਾਦਸੇ ਦੇ ਸਮੇਂ ਹੋਰ ਸੁਰੱਖਿਆ ਕਰਮਚਾਰੀ ਕੋਠੀ ਵਿੱਚ ਮੌਜੂਦ ਸਨ। ਦੇਰ ਰਾਤ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਤੋਂ ਪੁੱਛਗਿੱਛ ਵੀ ਕੀਤੀ।
ਇਹ ਵੀ ਪੜ੍ਹੋ : ਪੰਜਾਬ ‘ਚ ਅੱਜ 3 ਘੰਟੇ ਟੋਲ ਪਲਾਜ਼ਾ ਫ੍ਰੀ, ਕੌਮੀ ਇਨਸਾਫ ਮੋਰਚਾ ਬੈਠੇਗਾ ਧਰਨੇ ‘ਤੇ
ਪੁਲਿਸ ਹਾਦਸੇ ਦੇ ਸਮੇਂ ਮੌਜੂਦ ਸੁਰੱਖਿਆ ਕਰਮਚਾਰੀਆਂ ਦੇ ਬਿਆਨ ਵੀ ਦਰਜ ਕਰ ਰਹੀ ਹੈ। ਇਸ ਹਾਦਸੇ ਬਾਰੇ ਰਵਨੀਤ ਸਿੰਘ ਬਿੱਟੂ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ ‘ਤੇ ਪਹੁੰਚ ਗਏ।
ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ ਗੋਲੀ ਪਿਸਤੌਲ ਤੋਂ ਚੱਲੀ ਸੀ। ਮਾਮਲਾ ਅਜੇ ਵੀ ਸ਼ੱਕੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲੀ ਜਵਾਨ ਦੇ ਪਿਸਤੌਲ ਵਿੱਚੋਂ ਹੀ ਚੱਲੀ ਹੋ ਸਕਦੀ ਹੈ। ਪੁਲਿਸ ਫਿਲਹਾਲ ਅੰਦਾਜ਼ਾ ਲਗਾ ਰਹੀ ਹੈ ਕਿ ਜਵਾਨ ਆਪਣੀ ਪਿਸਤੌਲ ਸਾਫ਼ ਕਰ ਰਿਹਾ ਸੀ ਜਿਸ ਦੌਰਾਨ ਗੋਲੀ ਚੱਲੀ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੋਸਟਮਾਰਟਮ ਅਤੇ ਫੋਰੈਂਸਿਕ ਜਾਂਚ ਰਿਪੋਰਟ ਤੋਂ ਬਾਅਦ ਮਾਮਲਾ ਸਾਹਮਣੇ ਆਵੇਗਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”