ਚੰਡੀਗੜ: ਪੰਜਾਬ ਦੇ ਰਾਜਪਾਲ ਅਤੇ ਯੂਟੀ, ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਦੇਸ਼ ਦੇ 100 ਕਰੋੜ ਕੋਵਿਡ -19 ਟੀਕੇ ਲਗਾਉਣ ਦੀ ਮਹੱਤਵਪੂਰਨ ਪ੍ਰਾਪਤੀ ਲਈ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੂੰ ਵਧਾਈ ਦਿੱਤੀ। ਸ੍ਰੀ ਪੁਰੋਹਿਤ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਠੱਲ ਪਾਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਅਤੇ ਤਹਿਤ ਸਮਾਂ ਸਿਰ ਮੱਢਲੀ ਕੋਵਿਡ ਪ੍ਰਬੰਧਨ ਰਣਨੀਤੀ ਵਜੋਂ ਲਾਕਡਾਊਨ ਦਾ ਫੈਸਲਾ ਲਿਆ ਅਤੇ ਚੁੱਕੇ ਗਏ ਹੋਰ ਪੁਖਤਾ ਕਦਮਾਂ ਸਦਕਾ , ਦੇਸ਼ ਵਿੱਚ ਕੋਵਿਡ ਦੇ ਵਧ ਰਹੇ ਸੰਚਾਰ ਨੂੰ ਰੋਕਿਆ ਜਾ ਸਕਿਆ। ਇਸ ਤੋਂ ਬਾਅਦ ਆਤਮ ਨਿਰਭਰ ਭਾਰਤ ਅਭਿਆਨ ਦੀ ਮਿਸਾਲ ਕਾਇਮ ਕਰਦੇ ਹੋਏ, ਭਾਰਤ ਨੇ ਨਾ ਸਿਰਫ ਆਪਣੇ ਖੁਦ ਲਈ ਟੀਕੇ ਬਣਾਉਣੇ ਸੁਰੂ ਕੀਤੇ ਬਲਕਿ ਦੂਜੇ ਦੇਸ਼ਾਂ ਨੂੰ ਸਪਲਾਈ ਵੀ ਕੀਤੇ।
ਇਸ ਇਤਿਹਾਸਕ ਦਿਨ ‘ਤੇ, ਰਾਜਪਾਲ ਨੇ ਇਨੋਵੇਟਰਜ਼, ਵਿਗਿਆਨੀਆਂ, ਡਾਕਟਰਾਂ, ਪੈਰਾ ਮੈਡੀਕਲ ਸਟਾਫ, ਗੈਰ ਸਰਕਾਰੀ ਸੰਗਠਨਾਂ ਅਤੇ ਸਵੈ -ਇੱਛਕ ਸੰਸਥਾਵਾਂ ਦਾ ਬਹੁਤ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ , ਜੋ 278 ਦਿਨ ਪਹਿਲਾਂ ਸੁਰੂ ਕੀਤੀ ਗਈ ਇਸ ਵਿਸ਼ਾਲ ਟੀਕਾਕਰਨ ਮੁਹਿੰਮ ਦਾ ਹਿੱਸਾ ਸਨ। ਟੀਕਾਕਰਣ ਅਭਿਆਨ ਦੀ ਲਗਾਤਾਰ ਸਫਲਤਾ ਲਈ ਪੰਜਾਬ ਸਰਕਾਰ ਅਤੇ ਚੰਡੀਗੜ ਪ੍ਰਸ਼ਾਸਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਪੰਜਾਬ ਅਤੇ ਚੰਡੀਗੜ ਦੋਵਾਂ ਨੇ ਸਾਂਝੇ ਯਤਨਾਂ ਰਾਹੀਂ ਰਾਸ਼ਟਰੀ ਟੀਕਾਕਰਣ ਮਿਸ਼ਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪੰਜਾਬ ਵਿੱਚ ਹੁਣ ਤੱਕ 2 ਕਰੋੜ 45 ਲੱਖ ਟੀਕੇ ਲਗਾਏ ਗਏ ਹਨ ਜਦੋਂ ਕਿ 843,000 ਦੀ ਯੋਗ ਆਬਾਦੀ ਵਾਲੇ ਚੰਡੀਗੜ ਵਿੱਚ ਕੁੱਲ 13,20,230 ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ।