16 accused including ABVP leader: ਕਿਸਾਨ ਨੇਤਾ ਰਾਕੇਸ਼ ਟਿਕੈਤ ਦੇ ਕਾਫਲੇ ‘ਤੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਤਾਤਰਪੁਰ ਲਾਂਘੇ ‘ਤੇ ਹਮਲਾ ਹੋਇਆ ਸੀ । ਕੁਝ ਲੋਕਾਂ ਨੇ ਸਵਾਗਤ ਦੇ ਬਹਾਨੇ ਉਨ੍ਹਾਂ ਦੀ ਕਾਰ ਰੁਕਵਾਈ ਅਤੇ ਫਿਰ ਉਨ੍ਹਾਂ ‘ਤੇ ਹਮਲਾ ਕਰ ਦਿੱਤਾ । ਉਨ੍ਹਾਂ ‘ਤੇ ਸਿਆਹੀ ਵੀ ਸੁੱਟੀ ਗਈ ਸੀ । ਇਸਦੇ ਨਾਲ ਹੀ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਵੀ ਤੋੜੇ ਗਏ ਸਨ। ਇਸ ਹਮਲੇ ਤੋਂ ਬਾਅਦ ਰਾਕੇਸ਼ ਟਿਕੈਤ ਨੇ ਟਵੀਟ ਕਰਕੇ ਇਸਦੇ ਲਈ ਭਾਜਪਾ ‘ਤੇ ਦੋਸ਼ ਲਗਾਇਆ ਸੀ । ਟਿਕੈਤ ਨੇ ਦੋਸ਼ ਲਾਇਆ ਸੀ ਕਿ ਭਾਜਪਾ ਦੇ ਗੁੰਡਿਆਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਹੈ ।
ਐਫਆਈਆਰ ਅਨੁਸਾਰ ਰਾਕੇਸ਼ ਟਿਕੈਤ ਦੇ ਕਾਫਲੇ ‘ਤੇ ਸ਼ੁੱਕਰਵਾਰ ਸ਼ਾਮ ਨੂੰ 33 ਵਿਅਕਤੀਆਂ ਨੇ ਹਮਲਾ ਕੀਤਾ ਸੀ । ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਹੁਣ ਤੱਕ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਪੁਲਿਸ ਵੱਲੋਂ ਇਨ੍ਹਾਂ ‘ਤੇ ਧਾਰਾ 307, 398, 332, 53, 145, 46, 47,48,49,323,41,506 ਤੇ 427 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ABVP ਦੇ ਵਰਕਰ ਕੁਲਦੀਪ ਯਾਦਵ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਟਿਕੈਤ ‘ਤੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਸਾਵਲੀ ਵਿੱਚ ਸਭਾ ਕਰਨ ਤੋਂ ਬਾਅਦ ਬਾਂਸੂਰ ਵਿੱਚ ਸਭਾ ਕਰਨ ਲਈ ਜਾ ਰਹੇ ਸਨ।
ਇਸ ਦੇ ਨਾਲ ਹੀ ਇਸ ਪੂਰੇ ਮਾਮਲੇ ਵਿੱਚ ਰਾਜਨੀਤੀ ਵੀ ਤੇਜ਼ ਹੋ ਗਈ ਹੈ। ਇੱਕ ਪਾਸੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਇਸ ਪੂਰੇ ਹਮਲੇ ਲਈ ਭਾਜਪਾ ‘ਤੇ ਦੋਸ਼ ਲਗਾਏ ਹਨ । ਉਸਨੇ ਇਸ ਹਮਲੇ ਨੂੰ ਯੋਜਨਾਬੱਧ ਵੀ ਦੱਸਿਆ ਹੈ । ਦੂਜੇ ਪਾਸੇ, ਭਾਜਪਾ ਨੇ ਵੀ ਇਸ ਹਮਲੇ ‘ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ । ਭਾਜਪਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਇਸ ਹਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ । ਭਾਜਪਾ ਨੇ ਪੁਲਿਸ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸਾਰੀ ਘਟਨਾ ਪੁਲਿਸ ਦੀ ਹਾਜ਼ਰੀ ਵਿੱਚ ਵਾਪਰੀ । ਆਖਿਰਕਾਰ, ਪੁਲਿਸ ਮੂਕ ਦਰਸ਼ਕ ਬਣ ਕੇ ਕਿਉਂ ਰਹੀ?