114 ਸਾਲ ਪਹਿਲਾਂ 1906 ‘ਚ ਅੰਗਰੇਜ਼ ਵੀ 2020 ਖੇਤੀਬਾੜੀ ਬਿੱਲਾਂ ਦੀ ਤਰ੍ਹਾਂ ਆਬਾਦਕਾਰੀ ਨਾਮੀ ਬਿੱਲ ਵਾਲਾ ਕਾਲਾ ਕਾਨੂੰਨ ਲੈ ਕੇ ਆਏ ਸਨ। ਉਸ ਸਮੇਂ ਆਬਾਦਕਾਰੀ ਬਿੱਲ ਦੇ ਵਿਰੋਧ ‘ਚ ਕਿਸਾਨਾਂ ਵੱਲੋ ‘ਪਗੜੀ ਸੰਭਾਲ ਜੱਟਾ’ ਅੰਦੋਲਨ ਕੀਤਾ ਗਿਆ ਸੀ। ਇਹ ਅੰਦੋਲਨ ਉਸ ਸਮੇਂ 9 ਮਹੀਨੇ ਚੱਲਿਆ ਜਿਸ ਤੋਂ ਬਾਅਦ ਅੰਗਰੇਜ਼ਾਂ ਵੱਲੋਂ ਇਹ ਕਾਨੂੰਨ ਵਾਪਸ ਲੈ ਲਿਆ ਗਿਆ ਸੀ। ਇਸ ਅੰਦੋਲਨ ਦੀ ਅਗਵਾਈ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਅਤੇ ਲਾਲਾ ਬਾਂਕੇ ਲਾਲ ਵਰਗੇ ਦੇਸ਼ ਭਗਤ ਕਰ ਰਹੇ ਸਨ ਜਿਸ ਤੋਂ ਬਾਅਦ ਪਗੜੀ ਸੰਭਾਲ ਜੱਟਾ ਗੀਤ ਵੀ ਮਸ਼ਹੂਰ ਹੋਇਆ ਸੀ। ਦੱਸ ਦਈਏ ਕਿ ਬ੍ਰਿਟਿਸ਼ ਸ਼ਾਸਨ ਕਾਲ ‘ਚ ਆਬਾਦਕਾਰੀ ਨਾਮੀ ਬਿੱਲ ਦਾ ਉਦੇਸ਼ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੜੱਪ ਕੇ ਵੱਡੇ ਸ਼ਾਹੂਕਾਰਾਂ ਦੇ ਹੱਥ ‘ਚ ਦੇਣਾ ਸੀ।
ਇਸ ਬਿੱਲ ਦੇ ਅਨੁਸਾਰ ਕੋਈ ਵੀ ਕਿਸਾਨ ਆਪਣੀ ਜ਼ਮੀਨ ‘ਚੋਂ ਦਰੱਖਤ ਵੀ ਨਹੀਂ ਕੱਟ ਸਕਦਾ ਸੀ। ਜੇਕਰ ਕਿਸਾਨ ਅਜਿਹਾ ਕਰਦਾ ਫੜ੍ਹਿਆ ਗਿਆ ਤਾਂ 24 ਘੰਟਿਆਂ ‘ਚ ਸ਼ਾਸਨ ਕੋਲ ਉਸਦੀ ਜ਼ਮੀਨ ਦਾ ਪੱਟਾ ਕੈਂਸਲ ਕਰਨ ਦਾ ਅਧਿਕਾਰ ਸੀ। ਦੂਜੀ ਸਭ ਤੋਂ ਖ਼ਤਰਨਾਕ ਗੱਲ ਇਹ ਸੀ ਕਿ ਜ਼ਮੀਨ ਕਿਸਾਨਾਂ ਦੇ ਵੱਡੇ ਮੁੰਡੇ ਦੇ ਨਾਮ ‘ਤੇ ਹੀ ਚੜ੍ਹ ਸਕਦੀ ਸੀ। ਜੇਕਰ ਉਸਦੀ ਕੋਈ ਔਲਾਦ ਨਹੀਂ ਹੈ ਤੇ ਮੁਖੀਆ ਕਿਸਾਨ ਮਰ ਜਾਂਦਾ ਹੈ ਤਾਂ ਜ਼ਮੀਨ ਅੰਗਰੇਜ਼ੀ ਸ਼ਾਸ਼ਨ ਜਾਂ ਰਿਆਸਤ ਨੂੰ ਚਲੀ ਜਾਂਦੀ ਸੀ। ਇਸ ਬਿੱਲ ਨੂੰ ਲੈ ਕੇ ਅੰਗਰੇਜ਼ਾਂ ਨੇ ਜ਼ਮੀਨਾਂ ਦਾ ਮੁੱਲ ਵੀ ਦੁੱਗਣਾ ਕਰ ਦਿੱਤਾ ਸੀ।
ਇਸ ਆਬਾਦਕਾਰੀ ਬਿੱਲ ਦੇ ਵਿਰੁੱਧ 1907 ‘ਚ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਜਿਸਦੀ ਅਗਵਾਈ ਸਰਦਾਰ ਅਜੀਤ ਸਿੰਘ ਨੇ ਕੀਤੀ। ਇਸ ਲਹਿਰ ਨੂੰ ਹੁੰਗਾਰਾ 22 ਮਾਰਚ 1907 ਨੂੰ ਉਸ ਸਮੇਂ ਮਿਲਿਆ ਜਦੋਂ ਲਾਇਲਪੁਰ ‘ਚ ਕਿਸਾਨਾਂ ਦੇ ਜਲਸੇ ‘ਚ ਲਾਲਾ ਬਾਂਕੇ ਦਇਆਲ ਨੇ ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ਓਏ… ਗੀਤ ਗਾਇਆ। ਕਿਸਾਨਾਂ ਦੇ ਦਬਾਅ ਦੇ ਅੱਗੇ ਸ਼ਾਸਨ ਨੂੰ ਝੁੱਕਣਾ ਹੀ ਪਿਆ ਅਤੇ ਬ੍ਰਿਟਿਸ਼ ਸ਼ਾਸਨ ਵੱਲੋਂ ਨਵੰਬਰ 1907 ਨੂੰ ਕਾਨੂੰਨ ਵਾਪਸ ਲੈ ਲਏ ਗਏ।