2 terrorists killed: ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚ ਸਰਹੱਦ ਪਾਰ ਅੱਤਵਾਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਤੋਂ ਬਾਜ ਨਹੀਂ ਆ ਰਹੇ ਹਨ । ਅਜਿਹਾ ਇੱਕ ਮਾਮਲਾ ਜੰਮੂ-ਕਸ਼ਮੀਰ ਦੇ ਨੌਗਾਮ ਸੈਕਟਰ ਵਿੱਚ ਸ਼ਨੀਵਾਰ ਨੂੰ ਸਾਹਮਣੇ ਆਇਆ, ਜਿੱਥੇ ਫੌਜ ਨੇ ਕੰਟਰੋਲ ਰੇਖਾ (LOC) ਨੇੜੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰਦੇ ਹੋਏ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ । ਇਸ ਸਬੰਧੀ ਰੱਖਿਆ ਬੁਲਾਰੇ ਰਾਜੇਸ਼ ਕਾਲੀਆ ਨੇ ਦੱਸਿਆ ਕਿ ਅੱਜ ਯਾਨੀ ਕਿ ਸ਼ਨੀਵਾਰ ਸਵੇਰੇ ਫ਼ੌਜੀਆਂ ਨੂੰ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਨੌਗਾਮ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਸ਼ੱਕੀ ਗਤੀਵਿਧੀਆਂ ਦਿਖਾਈ ਦਿੱਤੀਆਂ ।
ਉਨ੍ਹਾਂ ਨੇ ਦੱਸਿਆ ਕਿ ਫ਼ੌਜੀਆਂ ਨੇ ਤੇਜ਼ੀ ਨਾਲ ਘਾਤ ਲਾ ਕੇ ਹਮਲਾ ਕੀਤਾ, ਜਿਸ ਵਿੱਚ ਦੋ ਅੱਤਵਾਦੀ ਢੇਰ ਕਰ ਦਿੱਤੇ ਗਏ । ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮੌਕੇ ਤੋਂ 2 AK-47 ਰਾਈਫਲ ਅਤੇ ਮੁੱਠਭੇੜ ਵਿੱਚ ਵਰਤੀਆਂ ਜਾਣ ਵਾਲੀਆਂ ਸਮੱਗਰੀਆਂ ਜ਼ਬਤ ਕੀਤੀਆਂ ਗਈਆਂ ਹਨ ।
ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਵਿੱਚ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਵਿੱਚ ਬੀਐਸਐਫ ਦੀਆਂ ਚੌਕੀਆਂ ਨੂੰ ਫਾਇਰਿੰਗ ਕੀਤੀ ਜਾ ਰਹੀ ਹੈ । ਬੀਐਸਐਫ ਦੇ ਜਵਾਨ ਵੀ ਪਾਕਿਸਤਾਨ ਦੀ ਗੋਲੀਬਾਰੀ ਦਾ ਢੁੱਕਵਾਂ ਜਵਾਬ ਦੇ ਰਹੇ ਹਨ। ਫਿਲਹਾਲ ਇਸ ਗੋਲੀਬਾਰੀ ਵਿੱਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 1 ਜੁਲਾਈ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਸੁਰੱਖਿਆ ਬਲਾਂ ਨੂੰ ਅੱਤਵਾਦੀ ਘੁਸਪੈਠ ਦੀ ਖੁਫੀਆ ਜਾਣਕਾਰੀ ਮਿਲੀ ਸੀ । ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਕੰਟਰੋਲ ਰੇਖਾ ‘ਤੇ ਅੱਤਵਾਦੀਆਂ ਨੂੰ ਘੁਸਪੈਠ ਕਰਦੇ ਦੇਖਿਆ । ਹਾਲਾਂਕਿ ਕੰਟਰੋਲ ਰੇਖਾ ‘ਤੇ ਤਾਇਨਾਤ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਇਸ ਘੁਸਪੈਠ ਨੂੰ ਨਾਕਾਮ ਕਰ ਦਿੱਤਾ ਸੀ ਤੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਸੀ ।