22 jawans killed: ਬੀਜਾਪੁਰ: ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਸ਼ਨੀਵਾਰ ਨੂੰ ਨਕਸਲੀਆਂ ਨੇ 700 ਤੋਂ ਵੱਧ ਜਵਾਨਾਂ ਨੂੰ ਘੇਰ ਕੇ ਹਮਲਾ ਕੀਤਾ। ਬੀਜਾਪੁਰ ਐੱਸਪੀ ਨੇ ਐਤਵਾਰ ਨੂੰ ਦੱਸਿਆ ਕਿ ਨਕਸਲੀਆਂ ਦੇ ਨਾਲ ਹੋਈ ਮੁੱਠਭੇੜ ਵਿੱਚ 22 ਜਵਾਨ ਸ਼ਹੀਦ ਹੋ ਗਏ ਹਨ ਤੇ ਕਈ ਜਵਾਨ ਹਾਲੇ ਵੀ ਲਾਪਤਾ ਹਨ। ਦੱਸਿਆ ਜਾ ਰਿਹਾ ਹੈ ਕਿ ਨਕਸਲੀਆਂ ਨੇ ਦੋ ਦਰਜਨ ਤੋਂ ਵੱਧ ਸੁਰੱਖਿਆ ਬਲਾਂ ਦੇ ਹਥਿਆਰ ਵੀ ਲੁੱਟ ਲਏ। ਲਾਪਤਾ ਜਵਾਨਾਂ ਦੀ ਭਾਲ ਲਈ ਅੱਜ ਸਵੇਰ ਤੋਂ ਸੁਰੱਖਿਆ ਬਲ ਵੱਲੋਂ ਸਰਚ ਅਭਿਆਨ ਜਾਰੀ ਹੈ। ਇਸ ਘਟਨਾ ‘ਤੇ ਪੀਐੱਮ ਮੋਦੀ, ਅਮਿਤ ਸ਼ਾਹ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਦੁੱਖ ਜਤਾਇਆ ਹੈ।
ਦਰਅਸਲ, ਸੁਰੱਖਿਆ ਬਲਾਂ ਨੂੰ ਜੋਨਾਗੁੜਾ ਦੀਆਂ ਪਹਾੜੀਆਂ ’ਤੇ ਨਕਸਲੀਆਂ ਵੱਲੋਂ ਡੇਰਾ ਜਮਾਉਣ ਦੀ ਸੂਚਨਾ ਮਿਲੀ ਸੀ । ਛੱਤੀਸਗੜ੍ਹ ਦੀ ਨਕਸਲ ਵਿਰੋਧੀ ਮੁਹਿੰਮ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ ਓ.ਪੀ. ਪਾਲ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਬੀਜਾਪੁਰ ਅਤੇ ਸੁਕਮਾ ਜ਼ਿਲੇ ਤੋਂ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਕੋਬਰਾ ਬਟਾਲੀਅਨ, ਡੀ.ਆਰ.ਜੀ. ਅਤੇ ਐੱਸ.ਟੀ.ਐੱਫ. ਦੇ ਸਾਂਝੇ ਦਲ ਨੂੰ ਨਕਸਲ ਵਿਰੋਧੀ ਮੁਹਿੰਮ ਤਹਿਤ ਦੋ ਹਜ਼ਾਰ ਜਵਾਨਾਂ ਨੂੰ ਰਵਾਨਾ ਕੀਤਾ ਗਿਆ ਸੀ, ਪਰ ਸ਼ਨੀਵਾਰ ਨੂੰ ਨਕਸਲੀਆਂ ਨੇ 700 ਜਵਾਨਾਂ ਨੂੰ ਤਰਰੇਮ ਇਲਾਕੇ ਵਿੱਚ ਜੁਨਾਗੁੜਾ ਪਹਾੜੀਆਂ ਕੋਲ ਘੇਰ ਕੇ ਤਿੰਨ ਪਾਸਿਓਂ ਫਾਇਰਿੰਗ ਕੀਤੀ ਸੀ। ਤਿੰਨ ਘੰਟਿਆਂ ਤੱਕ ਚੱਲੀ ਇਸ ਮੁੱਠਭੇੜ ਵਿੱਚ 15 ਨਕਸਲੀ ਢੇਰ ਹੋ ਗਏ। ਇਸ ਹਮਲੇ ਵਿੱਚ ਹੁਣ ਤੱਕ 22 ਜਵਾਨ ਸ਼ਹੀਦ ਹੋ ਗਏ ਹਨ ਤੇ ਉੱਥੇ ਹੀ ਦੂਜੇ ਪਾਸੇ 31 ਤੋਂ ਵੱਧ ਜ਼ਖਮੀ ਜਵਾਨਾਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਕਸਲੀ ਹਮਲੇ ਵਿੱਚ ਜਵਾਨਾਂ ਦੀ ਸ਼ਹਾਦਤ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਜਵਾਨਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ । ਇੱਕ ਟਵੀਟ ਵਿੱਚ ਪੀਐਮ ਮੋਦੀ ਨੇ ਲਿਖਿਆ, “ਮੇਰੀ ਹਮਦਰਦੀ ਛੱਤੀਸਗੜ੍ਹ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਹੈ।” ਬਹਾਦਰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ । ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਹੈ।”
ਦੱਸ ਦੇਈਏ ਕਿ ਛੱਤੀਸਗੜ੍ਹ ਵਿੱਚ 10 ਦਿਨਾਂ ਦੇ ਅੰਦਰ ਇਹ ਦੂਜਾ ਨਕਸਲੀ ਹਮਲਾ ਹੈ। ਇਸ ਤੋਂ ਪਹਿਲਾਂ 23 ਮਾਰਚ ਨੂੰ ਹੋਏ ਹਮਲੇ ਵਿੱਚ ਵੀ ਪੰਜ ਜਵਾਨ ਸ਼ਹੀਦ ਹੋਏ ਸਨ। ਇਹ ਹਮਲਾ ਨਕਸਲੀਆਂ ਨੇ ਨਰਾਇਣਪੁਰ ਵਿੱਚ ਆਈਈਡੀ ਧਮਾਕੇ ਰਾਹੀਂ ਕੀਤਾ ਸੀ।
ਇਹ ਵੀ ਦੇਖੋ: RSS ਤੇ BJP ਨੂੰ ਨਿਹੰਗ ਸਿੰਘਾਂ ਨੇ ਕਰ ਦਿੱਤਾ ਚੈਲੇਂਜ, “ਕਿਤੇ ਵੀ ਟੱਕਰ ਜਾਣ ਦੇਖ ਲਵਾਂਂ ਗੇ”