3 more protesting farmers died: ਕੇਂਦਰ ਸਰਕਾਰ ਦੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਤੇ ਖੇਤੀ ਉਤਪਾਦਾਂ ਦੇ ਘੱਟੋ-ਘੱਟ ਸਮਰਥਨ ਮੁੱਲ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਟਿਕਰੀ ਬਾਰਡਰ ‘ਤੇ ਅੰਦੋਲਨ ਕਰ ਰਹੇ ਤਿੰਨ ਹੋਰ ਕਿਸਾਨਾਂ ਦੀ ਐਤਵਾਰ ਰਾਤ ਮੌਤ ਹੋ ਗਈ । ਮ੍ਰਿਤਕਾਂ ਵਿੱਚ ਦੋ ਕਿਸਾਨ ਹਰਿਆਣਾ ਦੇ ਜ਼ਿਲ੍ਹਾ ਹਿਸਾਰ ਅਤੇ ਇੱਕ ਕਿਸਾਨ ਪੰਜਾਬ ਦੇ ਜ਼ਿਲ੍ਹਾ ਮਾਨਸਾ ਦਾ ਨਿਵਾਸੀ ਸੀ । ਟਿਕਰੀ ਬਾਰਡਰ ‘ਤੇ ਸੋਮਵਾਰ ਤੱਕ 23 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।
ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹਿਸਾਰ ਜ਼ਿਲ੍ਹੇ ਦੇ ਪਿੰਡ ਮਿਰਚਪੁਰ ਦੇ ਵਾਸੀ ਜੋਗਿੰਦਰ ਸਿੰਘ (40) ਪੁੱਤਰ ਭੀਮ ਸਿੰਘ ਨੂੰ ਸਾਥੀ ਕਿਸਾਨ ਸੋਮਵਾਰ ਸਵੇਰੇ ਲਗਭਗ 10 ਵਜੇ ਬਹਾਦੁਰਗੜ੍ਹ ਦੇ ਸਿਵਲ ਹਸਪਤਾਲ ਲੈ ਗਏ । ਜਿੱਥੇ ਜਾਂਚ ਤੋਂ ਬਾਅਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੋਗਿੰਦਰ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਉੱਥੇ ਹੀ ਦੂਜੇ ਪਾਸੇ ਹਿਸਾਰ ਜ਼ਿਲ੍ਹੇ ਦੀ ਤਹਿਸੀਲ ਮੰਡੀ ਆਦਮਪੁਰ ਦੇ ਪਿੰਡ ਬਗਲਾ ਦਾ ਰਹਿਣ ਵਾਲਾ ਜੈਵੀਰ ਨੂੰ ਉਨ੍ਹਾਂ ਦੇ ਸਾਥੀ ਸੋਮਵਾਰ ਸਵੇਰੇ ਕਰੀਬ ਸਾਢੇ ਪੰਜ ਵਜੇ ਸਿਵਲ ਹਸਪਤਾਲ ਲੈ ਕੇ ਗਏ ਸੀ । ਇੱਥੇ ਮੁੱਢਲੀ ਜਾਂਚ ਤੋਂ ਬਾਅਦ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਜੈਵੀਰ ਕਰੀਬ 47 ਸਾਲਾਂ ਦੇ ਸਨ । ਫਿਲਹਾਲ ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਪਾਵੇਗਾ।
ਦੱਸ ਦੇਈਏ ਕਿ ਟਿਕਰੀ ਸਰਹੱਦ ਨੇੜੇ ਰੁਕੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਧੀਂਗਰ ਦੇ ਅੰਦੋਲਨਕਾਰੀ ਕਿਸਾਨ ਗੁਰਮੀਤ ਸਿੰਘ ਦੀ ਸੋਮਵਾਰ ਸਵੇਰੇ ਮੌਤ ਹੋ ਗਈ । ਉਨ੍ਹਾਂ ਦੇ ਸਾਥੀ ਸਵੇਰੇ ਅੱਠ ਵਜੇ ਸਿਵਲ ਹਸਪਤਾਲ ਲੈ ਕੇ ਪਹੁੰਚੇ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਗੁਰਮੀਤ ਦੀ ਮੌਤ ਦਿਲ ਦੀ ਧੜਕਣ ਰੁਕਣ ਕਾਰਨ ਹੋਈ । ਉਹ ਲਗਭਗ 48 ਸਾਲਾਂ ਦਾ ਸੀ। ਪੁਲਿਸ ਨੇ ਤਿੰਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਹੈ।
ਇਹ ਵੀ ਦੇਖੋ: ਬਿੱਟੂ ਦੀ ਕੁੱਟਮਾਰ ਤੇ ਰੂਟ ਮੈਪ ਫਾਈਨਲ ਹੋਣ ‘ਤੇ ਕਿਸਾਨਾਂ ਦੀ ਪ੍ਰੈਸ ਕਾਨਫਰੈਂਸ Live