4 men with PFI links: ਹਾਥਰਸ ਸਮੂਹਿਕ ਜਬਰ ਜਨਾਹ ਦੇ ਕੇਸ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਸਾਜ਼ਿਸ਼ ਦਾ ਦਾਅਵਾ ਕੀਤਾ ਸੀ। ਇਸ ਦਾਅਵੇ ਤੋਂ ਬਾਅਦ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਹਾਥਰਸ ਆਉਣ ਅਤੇ ਜਾਣ ਵਾਲੇ ਲੋਕਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ ਮਥੁਰਾ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਚਾਰੇ ਹਾਥਰਸ ਜਾ ਰਹੇ ਸਨ। ਇਨ੍ਹਾਂ ਚਾਰਾਂ ਦਾ ਸਬੰਧ ਪਾਪੂਲਰ ਫਰੰਟ ਆਫ਼ ਇੰਡੀਆ (PFI) ਨਾਲ ਦੱਸਿਆ ਜਾ ਰਿਹਾ ਹੈ।
ਦਰਅਸਲ, ਮਥੁਰਾ ਵਿੱਚ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਹ ਚਾਰੋਂ ਦਿੱਲੀ ਨੰਬਰ ਪਲੇਟ ਦੀ ਗੱਡੀ ਨਾਲ ਚੈਕਿੰਗ ਪੁਆਇੰਟ ‘ਤੇ ਪਹੁੰਚੇ। ਇਨ੍ਹਾਂ ਵਿੱਚੋਂ ਇੱਕ ਮੱਲਾਪੁਰਾਮ ਦਾ ਹੈ, ਜਦੋਂਕਿ ਬਾਕੀ ਮੁਜ਼ੱਫਰਨਗਰ, ਬਹਰਾਇਚ ਅਤੇ ਰਾਮਪੁਰ ਦੇ ਹਨ । ਪੁਲਿਸ ਨੇ ਇਨ੍ਹਾਂ ਚਾਰਾਂ ਕੋਲੋਂ ਮੋਬਾਇਲ, ਲੈਪਟਾਪ ਅਤੇ ਸ਼ੱਕੀ ਸਾਹਿਤ ਬਰਾਮਦ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਚਾਰਾਂ ਲੋਕਾਂ ਦਾ ਸਬੰਧ PFI ਅਤੇ CFI (ਕੈਂਪਸ ਫਰੰਟ ਆਫ ਇੰਡੀਆ) ਨਾਲ ਦੱਸਿਆ ਜਾ ਰਿਹਾ ਹੈ । ਫਿਲਹਾਲ, ਪੁਲਿਸ ਪੁੱਛਗਿੱਛ ਕਰ ਰਹੀ ਹੈ । ਇਸ ਦੇ ਨਾਲ ਹੀ ਹਾਥਰਸ ਦੇ ਬਹਾਨੇ ਮਾਹੌਲ ਖਰਾਬ ਕਰਨ ਵਾਲਿਆਂ ‘ਤੇ ਪੁਲਿਸ ਦੀ ਵਿਸ਼ੇਸ਼ ਨਜ਼ਰ ਹੈ । ਕੱਲ੍ਹ ਹੀ ਯੂਪੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਹਾਥਰਸ ਦੇ ਬਹਾਨੇ ਰਾਜ ਵਿੱਚ ਜਾਤੀ ਹਿੰਸਾ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚੀ ਜਾ ਰਹੀ ਹੈ।
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਸਰਕਾਰ ਦਾ ਦਾਅਵਾ ਹੈ ਕਿ ਨਿਆਂ ਅਤੇ ਰਾਜਨੀਤੀ ਦੀ ਲੜਾਈ ਦਰਮਿਆਨ ਅਜਿਹੀ ਡੂੰਘੀ ਸਾਜ਼ਿਸ਼ ਰਚੀ ਗਈ ਸੀ ਕਿ ਜੇ ਇਹ ਸਫਲ ਹੁੰਦੀ ਤਾਂ ਯੂਪੀ ਸੜ ਜਾਂਦੀ । ਪਹਿਲਾਂ ਜਸਟਿਸ ਫਾਰ ਹਾਥਰਸ ਨਾਮ ਦੀ ਇੱਕ ਵੈਬਸਾਈਟ ਤਿਆਰ ਕੀਤੀ ਗਈ ਸੀ । ਵੈਬਸਾਈਟ ‘ਤੇ ਅਪਮਾਨਜਨਕ ਅਤੇ ਭੜਕਾਊ ਸਮਗਰੀ ਨੂੰ ਅਪਲੋਡ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵੈਬਸਾਈਟ ‘ਤੇ ਦੱਸਿਆ ਗਿਆ ਸੀ ਕਿ ਕਿਵੇਂ ਦੰਗਾ ਕਰਨਾ ਹੈ।