4 terrorists killed in Nagrota encounter: ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਖਿਲਾਫ਼ ਸੁਰੱਖਿਆ ਬਲਾਂ ਦਾ ਅਭਿਆਨ ਜਾਰੀ ਹੈ। ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਨਗਰੋਟਾ ਵਿੱਚ ਸੁਰੱਖਿਆ ਸਖਤ ਕਰ ਦਿੱਤੀ ਗਈ ਅਤੇ ਹਰ ਨਾਕੇ ‘ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ । ਇਸ ਦੌਰਾਨ ਸੁਰੱਖਿਆ ਬਲਾਂ ਨੇ ਬਾਨ ਟੋਲ ਪਲਾਜ਼ਾ ਦੇ ਨੇੜੇ ਇੱਕ ਨਾਕਾ ਲਗਾਇਆ ਸੀ। ਵਾਹਨਾਂ ਦੀ ਜਾਂਚ ਦੌਰਾਨ ਅੱਤਵਾਦੀਆਂ ਦੇ ਇੱਕ ਸਮੂਹ ਨੇ ਸਵੇਰੇ 5 ਵਜੇ ਸੁਰੱਖਿਆ ਬਲਾਂ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ । ਫਾਇਰਿੰਗ ਤੋਂ ਬਾਅਦ ਅੱਤਵਾਦੀ ਜੰਗਲ ਵੱਲ ਭੱਜਣ ਲੱਗ ਗਏ, ਜਿਸ ਤੋਂ ਬਾਅਦ ਮੁੱਠਭੇੜ ਸ਼ੁਰੂ ਹੋ ਗਈ।
ਸੂਤਰਾਂ ਅਨੁਸਾਰ ਇਸ ਮੁੱਠਭੇੜ ਵਿੱਚ 4 ਅੱਤਵਾਦੀ ਮਾਰੇ ਗਏ ਹਨ । ਐਨਕਾਊਂਟਰ ਦੇ ਮੱਦੇਨਜ਼ਰ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਕਰ ਦਿੱਤਾ ਗਿਆ ਹੈ। ਇਸ ਐਨਕਾਊਂਟਰ ਵਿੱਚ ਫੌਜ ਦਾ ਇੱਕ ਜਵਾਨ ਜ਼ਖਮੀ ਹੋ ਗਿਆ ਹੈ । ਜ਼ਖਮੀ ਹੋਣ ਤੋਂ ਬਾਅਦ ਸਿਪਾਹੀ ਕੁਲਦੀਪ ਰਾਜ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਜਵਾਨ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ।
ਦੱਸਿਆ ਜਾ ਰਿਹਾ ਹੈ ਕਿ 3-4 ਅੱਤਵਾਦੀ ਟਰੱਕ ਰਾਹੀਂ ਜੰਮੂ-ਸ੍ਰੀਨਗਰ ਹਾਈਵੇ ਦੇ ਰਸਤੇ ਕਸ਼ਮੀਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ । ਇਸ ਦੌਰਾਨ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ ਅਤੇ ਫਿਰ ਮੁੱਠਭੇੜ ਸ਼ੁਰੂ ਹੋ ਗਈ । ਇਸ ਘਟਨਾ ਕਾਰਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਦੇ ਨਾਲ ਲੱਗਦੇ ਨਾਗਰੋਟਾ ਵਿੱਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।
ਇਸ ਘਟਨਾ ਸਬੰਧੀ ਸੁਰੱਖਿਆ ਬਲਾਂ ਨੇ ਦੱਸਿਆ ਕਿ ਗੱਡੀਆਂ ਦੀ ਚੈਕਿੰਗ ਦੌਰਾਨ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ । ਸੁਰੱਖਿਆ ਬਲਾਂ ਨੂੰ ਕਸ਼ਮੀਰ ਵਿੱਚ ਟਰੱਕ ਰਾਹੀਂ ਅੱਤਵਾਦੀਆਂ ਦੇ ਜਾਣ ਦੀ ਸੂਚਨਾ ਮਿਲੀ ਸੀ। ਇਸ ਦੀ ਜਾਂਚ ਕਰਨ ਲਈ ਹਾਈਵੇ ‘ਤੇ ਨਾਕਾ ਲਗਾ ਕੇ ਗੱਡੀਆਂ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਚੈਕਿੰਗ ਦੌਰਾਨ ਇੱਕ ਟਰੱਕ ਨੂੰ ਰੋਕਿਆ ਗਿਆ, ਜਿਸ ‘ਤੇ ਜੰਮੂ ਕਸ਼ਮੀਰ ਦਾ ਨੰਬਰ ਲੱਗਿਆ ਹੋਇਆ ਸੀ। ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਦੇ ਟਰੱਕ ਵਿਚੋਂ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 6 ਨਵੰਬਰ, 2020 ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਮੇਜ ਪੰਪੋਰ ਖੇਤਰ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਹੋਈ ਸੀ । ਇਹ ਮੁੱਠਭੇੜ ਅਗਲੇ ਦਿਨ ਸਵੇਰ ਤੱਕ ਚੱਲੀ ਸੀ। ਇਸ ਮੁੱਠਭੇੜ ਵਿੱਚ ਇੱਕ ਅੱਤਵਾਦੀ ਵੀ ਮਾਰਿਆ ਗਿਆ ਸੀ ।
ਇਹ ਵੀ ਦੇਖੋ: ਕੀ ਕੁੱਝ ਹੁੰਦਾ ਸੀ ਭਾਬੀ ਦੇ ਘਰ ? ਕਿਉਂ ਨਹੀਂ ਹੋ ਰਹੀ ਬੈਂਸ ਤੇ F.I.R ?