ਦੇਸ਼ ਵਿੱਚ ਕੋਰੋਨਾ ਸੰਕਟ ਦੇ ਦੌਰ ਵਿੱਚ ਸਕੂਲ ਬੰਦ ਹਨ । ਲੰਬੇ ਸਮੇਂ ਤੋਂ ਘਰਾਂ ਵਿੱਚ ਕੈਦ ਬੱਚੇ ਸਕੂਲ ਤੋਂ ਦੂਰ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਹੀਂ ਆਵੇ, ਜਿਸ ਕਾਰਨ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਪਰ ਬੱਚਿਆਂ ਵਿੱਚ ਇਹ ਆਨਲਾਈਨ ਕਲਾਸਾਂ ਪਰੇਸ਼ਾਨੀ ਦਾ ਕਾਰਨ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਅਜਿਹੀ ਹੀ ਇੱਕ 6 ਸਾਲਾਂ ਬੱਚੀ ਦੀ ਸ਼ਿਕਾਇਤ ਨਾਲ ਭਰੀ ਇੱਕ ਵੀਡੀਓ ਕਾਫ਼ੀ ਚਰਚਾ ਵਿੱਚ ਹੈ। ਹਾਲਾਂਕਿ ਇਸ ਵੀਡੀਓ ਵਿੱਚ ਬੱਚੀ ਦੀ ਸ਼ਿਕਾਇਤ ਦਾ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਵੀ ਐਕਸ਼ਨ ਲਿਆ ਹੈ।
ਇਹ ਵੀ ਪੜ੍ਹੋ: ਮੁੰਬਈ ‘ਚ ਲਾਕਡਾਊਨ ਦੀਆਂ ਪਾਬੰਦੀਆਂ ਤੋਂ ਮਿਲੀ ਰਾਹਤ, ਗ਼ੈਰ-ਕਾਨੂੰਨੀ ਦੁਕਾਨਾਂ ਖੁੱਲ੍ਹ ਸਕਣਗੀਆਂ
ਦਰਅਸਲ, ਜੰਮੂ ਕਸ਼ਮੀਰ ਦੀ ਰਹਿਣ ਵਾਲੀ ਇੱਕ 6 ਸਾਲਾਂ ਬੱਚੀ ਨੇ ਆਨਲਾਈਨ ਕਲਾਸ ਤੋਂ ਨਾਖੁਸ਼ ਹੁੰਦੇ ਹੋਏ ਇੱਕ ਵੀਡੀਓ ਸਾਂਝਾ ਕੀਤੀ ਹੈ। ਜਿਸ ਵਿੱਚ ਬੱਚੀ ਸਕੂਲ ਤੋਂ ਮਿਲਣ ਵਾਲੇ ਹੋਮਵਰਕ ਅਤੇ ਲੰਬੀ ਕਲਾਸ ਨੂੰ ਲੈ ਕੇ ਬਹੁਤ ਪਰੇਸ਼ਾਨ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਵੀਡੀਓ ਨੂੰ ਜੰਮੂ-ਕਸ਼ਮੀਰ ਦੇ ਐਲਜੀ ਮਨੋਜ ਸਿਨਹਾ ਨੇ ਟਵਿੱਟਰ ‘ਤੇ ਸਾਂਝਾ ਕਰਦਿਆਂ ਕਿਹਾ, ‘ਬਹੁਤ ਹੀ ਪਿਆਰੀ ਸ਼ਿਕਾਇਤ । ਸਕੂਲੀ ਬੱਚਿਆਂ ‘ਤੇ ਹੋਮਵਰਕ ਦੇ ਭਾਰ ਨੂੰ ਘੱਟ ਕਰਨ ਲਈ ਸਕੂਲ ਸਿੱਖਿਆ ਵਿਭਾਗ ਨੂੰ 48 ਘੰਟਿਆਂ ਵਿੱਚ ਨੀਤੀ ਬਣਾਉਣ ਲਈ ਕਿਹਾ ਗਿਆ ਹੈ ।
ਇਹ ਵੀ ਪੜ੍ਹੋ: ਭਾਰਤ ਨੇ ਕੋਰੋਨਾ ਟੀਕਿਆਂ ਦਾ ਨਿਰਯਾਤ ਕੀਤਾ ਬੰਦ, 91 ਦੇਸ਼ਾਂ ‘ਚ ਵਾਇਰਸ ਦੇ ਨਵੇਂ ਸਟ੍ਰੇਨ ਦਾ ਵਧਿਆ ਖ਼ਤਰਾ: WHO
ਉਨ੍ਹਾਂ ਨੇ ਟਵੀਟ ਵਿੱਚ ਅੱਗੇ ਲਿਖਿਆ ਗਿਆ ਕਿ ਬਚਪਨ ਦੀ ਮਾਸੂਮੀਅਤ ਰੱਬ ਦਾ ਇੱਕ ਤੋਹਫਾ ਹੈ ਅਤੇ ਉਨ੍ਹਾਂ ਦੇ ਦਿਨ ਜੀਵਤ, ਅਨੰਦ ਅਤੇ ਖੁਸ਼ੀਆਂ ਨਾਲ ਭਰੇ ਹੋਣੇ ਚਾਹੀਦੇ ਹਨ। ਅਜਿਹੀ ਸਥਿਤੀ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਬੱਚੀ ਦੀ ਇਸ ਬੇਨਤੀ ਤੋਂ ਬਾਅਦ ਆਨਲਾਈਨ ਕਲਾਸਾਂ ਵਿੱਚ ਵੱਧ ਰਹੇ ਪੜ੍ਹਾਈ ਦੇ ਬੋਝ ਵਿੱਚ ਬੱਚਿਆਂ ਨੂੰ ਕੁਝ ਰਾਹਤ ਮਿਲ ਸਕੇਗੀ।
ਦੱਸ ਦੇਈਏ ਕਿ ਇਸ ਵੀਡੀਓ ਵਿੱਚ ਬੱਚੀ ਕਹਿ ਰਹੀ ਹੈ ਕਿ ਉਸਦੀ ਆਨਲਾਈਨ ਕਲਾਸ 10 ਵਜੇ ਸ਼ੁਰੂ ਹੁੰਦੀ ਹੈ ਅਤੇ 2 ਵਜੇ ਤੱਕ ਚੱਲਦੀ ਹੈ। ਜਿਸ ਵਿੱਚ ਅੰਗਰੇਜ਼ੀ, ਗਣਿਤ, ਉਰਦੂ ਅਤੇ ਈ.ਵੀ.ਐੱਸ. ਨੂੰ ਪੜ੍ਹਨਾ ਪੈਂਦਾ ਹੈ। ਬੱਚੀ ਨੇ ਪੀਐੱਮ ਮੋਦੀ ਅੱਗੇ ਗੁਹਾਰ ਲਗਾਉਂਦਿਆਂ ਕਿਹਾ ਕਿ ਮੋਦੀ ਸਾਹਿਬ ਬੱਚਿਆਂ ਨੂੰ ਇੰਨਾ ਕੰਮ ਕਿਉਂ ਕਰਨਾ ਪੈਂਦਾ ਹੈ । ਟਵਿੱਟਰ ‘ਤੇ ਸ਼ੇਅਰ ਕੀਤੀ ਇਸ ਵੀਡੀਓ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਿਆ ਹੈ।