82 yeas old farmer spirits: ਟਿਕਰੀ ਬਾਰਡਰ ‘ਤੇ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਜ਼ਿਲ੍ਹਾ ਜਿੰਦ ਦੇ ਪਿੰਡ ਜੁਲਾਣਾ ਦੇ ਵਸਨੀਕ 82 ਸਾਲਾ ਕਿਸਾਨ ਜ਼ਿਲੇ ਸਿੰਘ ਲਾਠੜ ਪ੍ਰਦਰਸ਼ਨ ‘ਚ ਡਟੇ ਹੋਏ ਹਨ। ਪਿਛਲੇ 72 ਦਿਨਾਂ ਵਿੱਚ ਉਨ੍ਹਾਂ ਨੇ ਦਿੱਲੀ ਦੀ ਸਰਹੱਦ ‘ਤੇ ਠੰਡ ਅਤੇ ਮੀਂਹ ਸਹਾਰਿਆ ਹੈ, ਪਰ ਉਨ੍ਹਾਂ ਦੇ ਚਿਹਰੇ ‘ਤੇ ਕੋਈ ਸ਼ਿਕਨ ਤੱਕ ਨਹੀਂ ਹੈ । ਜਦੋ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਦਿੱਲੀ ਦੀ ਠੰਡ ਕਿਵੇਂ ਦੀ ਸੀ, ਉਨ੍ਹਾਂ ਕਿਹਾ ਕਿ ਜੀਂਦ ਵਿੱਚ ਇਸ ਤੋਂ ਵੱਧ ਠੰਡਾ ਪੈਂਦੀ ਹੈ। ਖੇਤ ਵਿੱਚ ਕੰਮ ਕਰਦੇ ਸਮੇਂ ਹੱਥ ਅਤੇ ਪੈਰ ਸੁੰਨ ਹੋ ਜਾਂਦੇ ਹਨ, ਪਰ ਉਨ੍ਹਾਂ ਨੂੰ ਇਸ ਨਾਲ ਬਹੁਤਾ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਠੰਡ ਅਤੇ ਬਾਰਿਸ਼ ਨੂੰ ਬਰਦਾਸ਼ਤ ਕਰ ਲਿਆ, ਜੇਕਰ ਹੱਕ ਨਾ ਮਿਲਿਆ ਤਾਂ ਉਹ ਗਰਮੀਆਂ ਵੀ ਇੱਥੇ ਕੱਟ ਕੇ ਜਾਣਗੇ । ਜ਼ਿਲੇ ਸਿੰਘ ਦਾ ਕਹਿਣਾ ਹੈ ਕਿ ਉਹ ਪ੍ਹੜੇ-ਲਿਖੇ ਨਹੀਂ ਹਨ,ਪਰ ਜਦੋਂ ਵੀ ਦਿੱਲੀ ਵਿੱਚ ਕੋਈ ਵੱਡਾ ਕਿਸਾਨ ਅੰਦੋਲਨ ਹੋਇਆ ਹੈ ,ਉਹ ਉਸ ਵਿੱਚ ਜ਼ਰੂਰ ਸ਼ਾਮਿਲ ਹੋਏ ਹਨ। ਇਹ ਉਨ੍ਹਾਂ ਦਾ ਤੀਜਾ ਕਿਸਾਨ ਅੰਦੋਲਨ ਹੈ।
ਇਸ ਤੋਂ ਅੱਗੇ ਜਿਲੇ ਸਿੰਘ ਨੇ ਕਿਹਾ ਕਿ ਉਹ ਹਰ ਰੋਜ ਆਪਣੇ ਘਰ ਫੋਨ ਕਰਕੇ ਹਾਲਚਾਲ ਪੁੱਛਦੇ ਹਨ । ਉਨ੍ਹਾਂ ਦੱਸਿਆ ਕਿ 25 ਜਨਵਰੀ ਨੂੰ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ 26 ਜਨਵਰੀ ਨੂੰ ਗੋਲੀ ਚੱਲੂਗੀ ਤਾਂ ਉਨ੍ਹਾਂ ਨੇ ਕਿਹਾ ਬੱਚਿਆਂ ਨੂੰ ਗੋਲੀ ਲੱਗੇਗੀ ਇਸ ਤੋਂ ਬਿਹਤਰ ਹੈ ਕਿ ਮੈਨੂੰ ਗੋਲੀ ਲੱਗ ਜਾਵੇ । ਉਨ੍ਹਾਂ ਦੇ ਇੱਕ ਪਿੰਡ ਵਾਸੀ ਨੇ ਦੱਸਿਆ ਕਿ ਜ਼ਿਲੇ ਸਿੰਘ 26 ਜਨਵਰੀ ਨੂੰ ਟਰੈਕਟਰ ਰੈਲੀ ਵਿੱਚ ਸਭ ਤੋਂ ਅੱਗੇ ਸੀ। ਜਦੋਂ ਦਿੱਲੀ ਵਿੱਚ ਮੀਂਹ ਪੈ ਰਿਹਾ ਸੀ, ਤਾ ਉਹ ਚਾਰ ਦਿਨ ਭਿੱਜਦੇ ਰਹੇ, ਪਰ ਇੱਥੋਂ ਘਰ ਜਾਣ ਲਈ ਤਿਆਰ ਨਹੀਂ ਸਨ। ਬਾਅਦ ਵਿੱਚ ਉਨ੍ਹਾਂ ਨੇ ਟਿਕਰੀ ਬਾਰਡਰ ‘ਤੇ ਆਪਣਾ ਤੰਬੂ ਲਗਾ ਦਿੱਤਾ ਅਤੇ ਹੁਣ ਉੱਥੇ ਹੀ ਰਹਿੰਦੇ ਹਨ ।
ਜਿਲੇ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ 1988 ਵਿੱਚ ਉਹ ਬਾਬਾ ਮਹਿੰਦਰ ਸਿੰਘ ਟਿਕੈਤ ਨਾਲ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਪਹੁੰਚੇ ਸਨ। ਇਸ ਤੋਂ ਬਾਅਦ 2002 ਵਿੱਚ ਮਹਿੰਦਰ ਸਿੰਘ ਟਿਕੈਤ ਅਤੇ ਘਸੀਰਾਮ ਨੈਨ ਦੀ ਪ੍ਰਧਾਨਗੀ ਵਿੱਚ ਦਿੱਲੀ ਆਏ ਸਨ। ਹੁਣ ਉਹ ਤੀਜੀ ਵਾਰ ਦਿੱਲੀ ਆਏ ਹਨ ਅਤੇ ਇਹ ਸਭ ਤੋਂ ਲੰਬਾ ਅੰਦੋਲਨ ਹੈ।