ਪਕਿਸਤਾਨ ਦੇ ਕਰਤਾਰਪੁਰ ‘ਚ ਸਥਿੱਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ‘ਚ ਔਰਤਾਂ ਦੇ ਕੱਪੜਿਆਂ ਦੇ ਇਸ਼ਤਿਹਾਰ ‘ਚ ‘ਨੰਗੇ ਸਿਰ’ ਫੋਟੋਆਂ (ਤਸਵੀਰਾਂ ) ਖਿੱਚਵਾਉਣ ਵਾਲੀ ਪਾਕਿਸਤਾਨੀ ਮਾਡਲ ਮੁਸ਼ਕਿਲਾਂ ‘ਚ ਘਿਰਦੀ ਨਜ਼ਰ ਆ ਰਹੀ ਹੈ।
ਦਰਅਸਲ ਮਾਡਲ ਵੱਲੋਂ ਗੁਰਦੁਆਰੇ ਦੇ ਕੈਂਪਸ ਵਿੱਚ ਨੰਗੇ ਸਿਰ ਮਾਡਲਿੰਗ ਅਤੇ ਫੋਟੋਗਰਾਫੀ ਕਰਨ ਦੇ ਮਾਮਲੇ ‘ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ, ਅਤੇ ਮਾਡਲ ਅਤੇ ਸਬੰਧਿਤ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਪੀਐੱਸਜੀਪੀਸੀ ਦੇ ਪ੍ਰਧਾਨ ਆਮਿਰ ਸਿੰਘ ਨੇ ਕਿਹਾ ਕਿ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਅਹਿਮਦ ਖਾਨ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਲਹਿੰਦੇ ਪੰਜਾਬ ਦੀ ਪੁਲਿਸ ਦੇ ਆਈਜੀ ਨੇ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ਇਸ ਲਈ ਇਹ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅੱਜ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਦੀ ਹੋਵੇਗੀ ਮੀਟਿੰਗ, ਲਏ ਜਾ ਸਕਦੇ ਨੇ ਅਹਿਮ ਫੈਸਲੇ
ਇੰਨ੍ਹਾਂ ਹੀ ਨਹੀਂ ਸ਼ਰਧਾਲੂਆਂ ਨੂੰ ਗੁਰਦੁਆਰੇ ਦੀ ਰਹਿਤ-ਮਰਿਆਦਾ ਸਬੰਧੀ ਜਾਣਕਾਰੀ ਦੇਣ ਲਈ ਗੁਰਦੁਆਰਾ ਸਾਹਿਬ ਦੇ ਬਾਹਰ ਬੋਰਡ ਲਗਾਏ ਜਾਣਗੇ ਜਿਨ੍ਹਾਂ ‘ਚ ਰਹਿਤ-ਮਰਿਆਦਾ ਸਬੰਧੀ ਜਾਣਕਾਰੀ ਲਿਖੀ ਜਾਵੇਗੀ ਤਾਂ ਕਿ ਕੋਈ ਵੀ ਅਜੇਹੀ ਗਲਤੀ ਨਾ ਕਰੇ। ਬੀਤੇ ਦਿਨ ਇਹ ਮਾਮਲਾ ਓਦੋਂ ਸਾਹਮਣੇ ਆਇਆ ਸੀ ਜਦੋਂ ਮਾਡਲ ਵੱਲੋਂ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸੀ। ਇਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਵੀ ਇਸ ਮਾਮਲੇ ‘ਚ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ ਇਸ ਤੋਂ ਬਾਅਦ ਕੰਪਨੀ ਅਤੇ ਮਾਡਲ ਨੇ ਸੋਸ਼ਲ ਮੀਡੀਆ ’ਤੇ ਮੁਆਫ਼ੀ ਵੀ ਮੰਗੀ ਸੀ।
ਵੀਡੀਓ ਲਈ ਕਲਿੱਕ ਕਰੋ -: