ਹਰਿਆਣਾ ਦੇ ਕਰਨਾਲ ਵਿੱਚ ਕਿਸਾਨ ਜਥੇਬੰਦੀਆਂ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦਾ ਲਗਾਤਾਰ ਵਿਰੋਧ ਕਰ ਰਹੀਆਂ ਹਨ। ਪਰ ਬੁੱਧਵਾਰ ਨੂੰ ਕਿਸਾਨਾਂ ਅਤੇ ਪ੍ਰਸ਼ਾਸਨ ਦਰਮਿਆਨ ਹੋਈ ਗੱਲਬਾਤ ਵੀ ਬੇਸਿੱਟਾਂ ਰਹੀ ਹੈ।
ਇਸ ਤੋਂ ਪਹਿਲਾ ਮੰਗਲਵਾਰ ਨੂੰ ਵੀ ਕਿਸਾਨਾਂ ਦੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਬੇਸਿੱਟਾਂ ਰਹੀ ਸੀ। ਜਿਸ ਤੋਂ ਬਾਅਦ ਹਜ਼ਾਰਾਂ ਕਿਸਾਨਾਂ ਨੇ ਸਕੱਤਰੇਤ ਵੱਲ ਕੂਚ ਕੀਤਾ ਸੀ, ਅਤੇ ਉਸ ਸਮੇ ਤੋਂ ਹੀ ਲਗਾਤਾਰ ਕਿਸਾਨ ਧਰਨੇ ‘ਤੇ ਡਟੇ ਹੋਏ ਹਨ। ਇਸ ਤੋਂ ਇਲਾਵਾ ਕਿਸਾਨਾਂ ਨੇ ਮੰਗਾਂ ਮੰਨੀਆਂ ਜਾਣ ਤੱਕ ਪੱਕਾ ਮੋਰਚਾ ਲਗਾਉਣ ਦਾ ਐਲਾਨ ਵੀ ਕਰ ਦਿੱਤਾ ਹੈ। ਕਿਸਾਨਾਂ ਦੀ ਮੰਗ ਹੈ ਕਿ ਐਸਡੀਐਮ ਵਿਰੁੱਧ ਕਾਰਵਾਈ ਕੀਤੀ ਜਾਵੇ, ਇਸ ਤੋਂ ਘੱਟ ਕੁੱਝ ਵੀ ਪ੍ਰਵਾਨਿਤ ਨਹੀਂ ਹੈ। ਹਾਲਾਂਕਿ, ਪ੍ਰਸ਼ਾਸਨ ਨੇ ਅਜੇ ਤੱਕ ਉਨ੍ਹਾਂ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਕਿਸਾਨਾਂ ਦੀ ਮੰਗ ਹੈ ਕਿ ਲਾਠੀਚਾਰਜ ਵਿੱਚ ਸ਼ਹੀਦ ਹੋਏ ਕਿਸਾਨ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਐਸਡੀਐਮ ਉੱਤੇ ਕਤਲ ਦੇ ਲਈ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ, ਪਰ ਸਰਕਾਰ ਨੇ ਇਸਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।