After the deteriorating health: ਚਾਰਾ ਘੁਟਾਲੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਵੀਰਵਾਰ ਸ਼ਾਮ ਨੂੰ ਖ਼ਰਾਬ ਹੋ ਗਈ। ਸਾਹ ਲੈਣ ਵਿੱਚ ਹੋ ਰਹੀ ਪਰੇਸ਼ਾਨੀ ਤੋਂ ਬਾਅਦ ਰਿਮਜ਼ ਵਿੱਚ ਭਰਤੀ ਲਾਲੂ ਯਾਦਵ ਦੇ ਇਲਾਜ ਵਿੱਚ ਹਸਪਤਾਲ ਦੇ ਸਾਰੇ ਸੀਨੀਅਰ ਡਾਕਟਰ ਲੱਗੇ ਹੋਏ ਸਨ। ਹਾਲਾਂਕਿ ਸਿਹਤ ਖ਼ਰਾਬ ਹੋਣ ਤੋਂ ਬਾਅਦ ਉਹਨਾਂ ਨੂੰ ਬਿਹਤਰ ਇਲਾਜ ਲਈ ਸ਼ਨੀਵਾਰ ਨੂੰ ਦਿੱਲੀ ਏਮਜ਼ ਭੇਜਿਆ ਗਿਆ ਹੈ।
ਦੱਸ ਦਈਏ ਕਿ ਲਾਲੂ ਪ੍ਰਸਾਦ ਯਾਦਵ ਨੂੰ ਗੰਭੀਰ ਹਾਲਤ ਵਿੱਚ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਲਿਆਂਦਾ ਗਿਆ ਸੀ।ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਰਾਂਚੀ ਤੋਂ ਦਿੱਲੀ ਚਾਰਟਰਡ ਪਲੇਨ ‘ਤੇ ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਇਲਾਜ ਏਮਜ਼, ਦਿੱਲੀ ਵਿੱਚ ਡਾ.ਰਾਕੇਸ਼ ਯਾਦਵ ਦੀ ਦੇਖਭਾਲ ਵਿੱਚ ਕੀਤਾ ਜਾ ਰਿਹਾ ਹੈ । ਏਮਜ਼ ਵਿਖੇ ਉਨ੍ਹਾਂ ਦੇ ਇਲਾਜ ਲਈ ਡਾਕਟਰਾਂ ਦੀ ਇੱਕ ਟੀਮ ਬਣਾਈ ਗਈ ਹੈ। ਉਨ੍ਹਾਂ ਨੂੰ ਦੂਜੀ ਮੰਜ਼ਿਲ ‘ਤੇ ਏਮਜ਼ ਦੀ ਕ੍ਰਿਟੀਕਲ ਕੇਅਰ ਯੂਨਿਟ ‘ਚ ਦਾਖਲ ਕਰਵਾਇਆ ਗਿਆ ਹੈ।
ਉੱਥੇ ਹੀ ਦੂਜੇ ਪਾਸੇ, ਲਾਲੂ ਯਾਦਵ ਦੀ ਸਿਹਤ ਖ਼ਰਾਬ ਹੋਣ ਤੋਂ ਬਾਅਦ ਉਹਨਾਂ ਦੀ ਰਿਹਾਈ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ। ਸ਼ਨੀਵਾਰ ਨੂੰ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਅਤੇ ਹਸਨਪੁਰ ਤੋਂ ਵਿਧਾਇਕ ਤੇਜ ਪ੍ਰਤਾਪ ਯਾਦਵ ਨੇ ਟਵੀਟ ਕਰਕੇ ਇਹ ਮੰਗ ਕੀਤੀ । ਉਨ੍ਹਾਂ ਨੇ ਲਾਲੂ ਯਾਦਵ ਦੇ ਇੱਕ ਪੁਰਾਣੀ ਕੋਟ ਨੂੰ ਟਵੀਟ ਕੀਤਾ ਅਤੇ ਇਸਦੇ ਨਾਲ ‘ਰੀਲੀਜ਼ ਲਾਲੂ’ ਯਾਦਵ ਦਾ ਹੈਸ਼ਟੈਗ ਚਲਾਇਆ।
ਤੇਜ ਪ੍ਰਤਾਪ ਨੇ ਇੱਕ ਟਵੀਟ ਵਿੱਚ ਲਿਖਿਆ,“ਜਦੋਂ ਆਦਮੀ ਹੀ ਨਹੀਂ ਬਚਿਆ ਤਾਂ ਮੰਦਰ ਵਿੱਚ ਘੰਟੀਆਂ ਕੌਣ ਵਜਾਏਗਾ, ਜੇ ਮਨੁੱਖਤਾ ਨਹੀਂ ਬਚੇਗੀ ਤਾਂ ਮਸਜਿਦ ਵਿੱਚ ਕੌਣ ਨਮਾਜ਼ ਅਦਾ ਕਰੇਗਾ- ਲਾਲੂ ਪ੍ਰਸਾਦ # ਰੀਲੀਜ਼ਲਾਲੂਯਾਦਵ” ਇਸ ਟਵੀਟ ਨੂੰ ਟਵਿੱਟਰ ‘ਤੇ ਪੂਰਾ ਸਮਰਥਨ ਮਿਲ ਰਿਹਾ ਹੈ।
ਦੱਸ ਦੇਈਏ ਕਿ ਤੇਜ ਪ੍ਰਤਾਪ ਦੇ ਇਸ ਟਵੀਟ ਤੋਂ ਬਾਅਦ ਸਮਰਥਕ ਲਗਾਤਾਰ ਲਾਲੂ ਯਾਦਵ ਦੀ ਰਿਹਾਈ ਦੀ ਮੰਗ ਕਰਨ ਲੱਗ ਗਏ ਹਨ। ਹਜ਼ਾਰਾਂ ਲੋਕਾਂ ਨੇ ਲਗਭਗ 12 ਘੰਟੇ ਪਹਿਲਾਂ ਕੀਤੇ ਗਏ ਇਸ ਟਵੀਟ ਨੂੰ ਰੀਟਵੀਟ ਕੀਤਾ ਹੈ । ਇਸ ਦੇ ਨਾਲ ਹੀ ਹੁਣ ਤੱਕ ਇੱਕ ਲੱਖ 54 ਹਜ਼ਾਰ ਇਸ ਹੈਸ਼ਟੈਗ ਨਾਲ ਟਵੀਟ ਕਰ ਚੁੱਕੇ ਹਨ । ਫਿਲਹਾਲ, ਇਹ ਹੈਸ਼ਟੈਗ ਟਵਿੱਟਰ ‘ਤੇ ਟ੍ਰੈਂਡ ਕਰ ਰਿਹਾ ਹੈ।