Agra bus hijack: ਆਗਰਾ ਤੋਂ ਬੱਸ ਨੂੰ ਅਗਵਾ ਕਰਨ ਵਾਲੇ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਵੀਰਵਾਰ ਤੜਕੇ ਮੁੱਠਭੇੜ ਹੋ ਗਈ ਹੈ। ਥਾਣਾ ਫਤਿਹਾਬਾਦ ਖੇਤਰ ਵਿੱਚ ਚੈਕਿੰਗ ਦੌਰਾਨ ਬਦਮਾਸ਼ਾਂ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਇੱਕ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗੀ ਹੈ, ਜਦੋਂਕਿ ਇੱਕ ਬਦਮਾਸ਼ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਅਨੁਸਾਰ ਜ਼ਖਮੀ ਬਦਮਾਸ਼ ਦਾ ਨਾਮ ਪ੍ਰਦੀਪ ਗੁਪਤਾ ਦੱਸਿਆ ਜਾ ਰਿਹਾ ਹੈ । ਉਸਦਾ ਨਾਮ ਬੱਸ ਹਾਈਜੈਕ ਦੇ ਮਾਮਲੇ ਵਿੱਚ ਸਾਹਮਣੇ ਆ ਰਿਹਾ ਸੀ।ਪੁਲਿਸ ਨੇ ਜ਼ਖਮੀ ਪ੍ਰਦੀਪ ਗੁਪਤਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਪੁਲਿਸ ਅਧਿਕਾਰੀ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਬਦਮਾਸ਼ ਤੋਂ ਪੁੱਛਗਿੱਛ ਕਰਨ ਵਿਚ ਲੱਗੀ ਹੋਈ ਹੈ। ਇਸਦੇ ਨਾਲ ਹੀ ਹੋਰ ਬਦਮਾਸ਼ਾਂ ਦੀ ਭਾਲ ਜਾਰੀ ਹੈ।
ਕੱਲ੍ਹ 3 ਵਜੇ ਗੁਰੂਗ੍ਰਾਮ ਤੋਂ ਝਾਂਸੀ ਦੇ ਮਊਰਾਨੀਪੁਰ, ਛਤਰਪੁਰ, ਪਨਾ ਲਈ 34 ਯਾਤਰੀਆਂ ਨੂੰ ਲੈ ਕੇ ਇੱਕ ਨਿੱਜੀ ਬੱਸ ਰਵਾਨਾ ਹੋਈ ਸੀ । ਜਿਵੇਂ ਹੀ ਬੱਸ ਆਗਰਾ ਦੇ ਦੱਖਣੀ ਬਾਈਪਾਸ ‘ਤੇ ਪਹੁੰਚੀ, ਉਦੋਂ ਬੱਸ ਨੂੰ ਕੁਝ ਲੋਕਾਂ ਨੇ ਕਾਬੂ ਕਰ ਲਿਆ ਅਤੇ ਦੱਸਿਆ ਕਿ ਕਾਰ ‘ਤੇ ਫਾਈਨੈਂਸ ਹੈ ਅਤੇ ਸਮੇਂ ਸਿਰ ਕਿਸ਼ਤ ਨਹੀਂ ਦਿੱਤੀ ਜਾ ਰਹੀ ਹੈ । ਕਾਰ ਸਵਾਰ ਲੋਕਾਂ ਨੇ ਕਿਹਾ ਕਿ ਅਸੀਂ ਬੱਸ ਲੈ ਜਾ ਰਹੇ ਹਾਂ । ਬੱਸ ਵਿੱਚ ਸਵਾਰ ਯਾਤਰੀਆਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਬਾਅਦ ਵਿਚ ਬੱਸ ਦੇ ਸਵਾਰੀਆਂ ਨੂੰ ਉਤਾਰ ਕੇ ਝਾਂਸੀ ਭੇਜ ਦਿੱਤਾ ਗਿਆ।
ਦੱਸ ਦੇਈਏ ਕਿ ਬੀਤੇ ਦਿਨ ਅਗਵਾ ਕੀਤੀ ਗਈ ਬੱਸ ਨੂੰ ਇਟਾਵਾ ਤੋਂ ਬਰਾਮਦ ਕਰ ਲਿਆ ਗਿਆ ਸੀ । ਇਸ ਦੇ ਨਾਲ ਹੀ ਬਦਮਾਸ਼ਾਂ ਦੀ ਭਾਲ ਸ਼ੁਰੂ ਹੋ ਗਈ। ਅੱਜ ਸਵੇਰੇ ਫਤਿਹਾਬਾਦ ਵਿੱਚ ਕੁਝ ਬਦਮਾਸ਼ਾਂ ਨਾਲ ਪੁਲਿਸ ਦਾ ਮੁਕਾਬਲਾ ਹੋਇਆ । ਇਸ ਵਿੱਚ ਇੱਕ ਬਦਮਾਸ਼ ਨੂੰ ਗੋਲੀ ਲੱਗੀ ਹੈ। ਦੂਜੇ ਬਦਮਾਸ਼ਾਂ ਦੀ ਭਾਲ ਜਾਰੀ ਹੈ।