aimim chief asaduddin owaisi slams: ਨਵੀਂ ਦਿੱਲੀ: ਸੰਸਦ ਵਿੱਚ ਰੱਖਿਆ ਮੰਤਰੀ ਦੇ ਭਾਰਤ-ਚੀਨ ਉੱਤੇ ਦਿੱਤੇ ਬਿਆਨ ਨੂੰ ਲੈ ਕੇ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਰਾਜਨਾਥ ਸਿੰਘ ‘ਤੇ ਹਮਲਾ ਬੋਲਿਆ ਹੈ। ਓਵੈਸੀ ਨੇ ਕਿਹਾ ਕਿ ਰੱਖਿਆ ਮੰਤਰੀ ਵੱਲੋਂ ਸੰਸਦ ਵਿੱਚ ਦਿੱਤਾ ਗਿਆ ਬਿਆਨ ਰਾਸ਼ਟਰੀ ਸੁਰੱਖਿਆ ਦੇ ਨਾਮ ‘ਤੇ ਇੱਕ ਘਿਨਾਉਣਾ ਮਜ਼ਾਕ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਦਾ ਬਿਆਨ ਬਹੁਤ ਕਮਜ਼ੋਰ ਅਤੇ ਨਾਕਾਫੀ ਹੈ। ਸੋਸ਼ਲ ਮੀਡੀਆ ‘ਤੇ ਓਵੈਸੀ ਨੇ ਲਿਖਿਆ ਕਿ ਉਨ੍ਹਾਂ ਨੂੰ ਰੱਖਿਆ ਮੰਤਰੀ ਦੇ ਬਿਆਨ ‘ਤੇ ਸੰਸਦ ਵਿੱਚ ਬੋਲਣ ਦੀ ਆਗਿਆ ਨਹੀਂ ਸੀ। ਉਨ੍ਹਾਂ ਨੇ ਲਿਖਿਆ ਕਿ ਜੇ ਉਸ ਨੂੰ ਇਜਾਜ਼ਤ ਦਿੱਤੀ ਜਾਂਦੀ ਤਾਂ ਪੁੱਛਦੇ ਕਿ ਰੱਖਿਆ ਮੰਤਰੀ ਇਹ ਕਿਉਂ ਨਹੀਂ ਕਹਿੰਦੇ ਕਿ ਚੀਨ ਨੇ ਸਾਡੇ 1000 ਵਰਗ ਕਿਲੋਮੀਟਰ ਖੇਤਰ ਉੱਤੇ ਨਾਜਾਇਜ਼ ਕਬਜ਼ਾ ਕਰ ਲਿਆ ਹੈ? ਜਿੱਥੇ ਅਸੀਂ ਪਹਿਲਾਂ ਗਸ਼ਤ ਕਰਦੇ ਸੀ। ਓਵੈਸੀ ਨੇ ਪੁੱਛਿਆ ਕਿ ਇਸ ਨਾਜਾਇਜ਼ ਕਬਜ਼ਿਆਂ ਲਈ ਕੌਣ ਜ਼ਿੰਮੇਵਾਰ ਹੈ? ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵੀ ਹਮਲਾ ਬੋਲਦਿਆਂ ਲਿਖਿਆ, “ਤੁਸੀਂ ਇੱਕ ਸਰਬ ਪਾਰਟੀ ਬੈਠਕ ‘ਚ ਕਿਹਾ ਸੀ ਕਿ ਕਿਸੇ ਵੀ ਭਾਰਤੀ ਖੇਤਰ ‘ਤੇ ਕਬਜ਼ਾ ਨਹੀਂ ਕੀਤਾ ਗਿਆ ਅਤੇ ਕੋਈ ਘੁਸਪੈਠ ਨਹੀਂ ਹੋਈ ਹੈ। ਫਿਰ ਅਸੀਂ ਗਾਲਵਾਨ ‘ਚ 20 ਬਹਾਦਰ ਸਿਪਾਹੀ ਕਿਵੇਂ ਗੁਆਏ? ਉਸ ਰਾਤ ਕੀ ਹੋਇਆ? ਸਰਕਾਰ ਸਾਡੇ ਬੰਦੀ ਸੈਨਿਕਾਂ ਬਾਰੇ ਸੱਚ ਕਿਉਂ ਨਹੀਂ ਦੱਸ ਰਹੀ? ”
ਓਵੈਸੀ ਨੇ ਕਿਹਾ, “ਤੁਸੀਂ ਸੰਸਦ ਨੂੰ ਇਹ ਕਿਉਂ ਨਹੀਂ ਦੱਸਿਆ ਕਿ ਤੁਸੀਂ ਅਪ੍ਰੈਲ 2020 ਤੋਂ ਪਹਿਲਾਂ ਦੀ ਸਥਿਤੀ ਚੀਨ ਤੋਂ ਐਲ.ਏ.ਸੀ. ‘ਤੇ ਕਾਇਮ ਰੱਖਣ ਦੀ ਮੰਗ ਕੀਤੀ ਹੈ? ਜਾਂ ਕੀ ਮੌਜੂਦਾ ਸਥਿਤੀ ਨੂੰ ਜਿਉਂ ਦੀ ਤਿਉਂ ਮੰਨਿਆ ਜਾਣਾ ਚਾਹੀਦਾ ਹੈ?” AIMIM ਦੇ ਮੁਖੀ ਨੇ ਕਿਹਾ, “ਤੁਸੀਂ ਫੌਜ ਨੂੰ ਗੱਲਬਾਤ ਕਰਨ ਲਈ ਕਹਿ ਰਹੇ ਹੋ ਜਦੋਂਕਿ ਗੱਲਬਾਤ ਦੇ ਕਈ ਦੌਰ ਫੇਲ੍ਹ ਹੋ ਗਏ ਹਨ। ਇਸ ਪ੍ਰਕਿਰਿਆ ਨੂੰ ਹਥਿਆਰਬੰਦ ਸੈਨਾਵਾਂ ‘ਤੇ ਕਿਉਂ ਧੱਕਿਆ ਜਾ ਰਿਹਾ ਹੈ? ਹਥਿਆਰਬੰਦ ਸੈਨਾ ਨੂੰ ਰਾਜਨੀਤਿਕ ਹਿਦਾਇਤਾਂ ਕਿਉਂ ਦਿੱਤੀਆਂ ਜਾ ਰਹੀਆਂ ਹਨ? ਕੂਟਨੀਤੀ ‘ਚ ਉਲਝਣਾਂ ਉਨ੍ਹਾਂ ਦਾ ਕੰਮ ਨਹੀਂ ਹੈ, ਇਹ ਸਰਕਾਰ ਦਾ ਕੰਮ ਹੈ।” ਓਵੈਸੀ ਨੇ ਮੀਡੀਆ ਨੂੰ ਵੀ ਨਿਸ਼ਾਨਾ ਬਣਾਇਆ ਹੈ ਅਤੇ ਪੁੱਛਿਆ ਹੈ ਕਿ ਭਾਰਤੀ ਮੀਡੀਆ ਚੀਨ ਨਾਲ ਜੁੜੀ ਜਾਣਕਾਰੀ ਲਈ ਸਿਰਫ ਲੀਕ ਤੇ ਹੀ ਕਿਉਂ ਨਿਰਭਰ ਕਰਦਾ ਹੈ? ਸਰਕਾਰ ਦੇ ਬੁਲਾਰੇ ਇਸ ਸੰਵੇਦਨਸ਼ੀਲ ਮਾਮਲੇ ਬਾਰੇ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਕਿਉਂ ਨਹੀਂ ਕਰ ਰਹੇ? ਓਵੈਸੀ ਨੇ ਇਹ ਵੀ ਪੁੱਛਿਆ ਕਿ ਭਾਰਤ ਨੇ ਇਸ ਦੁਵੱਲੇ ਮੁੱਦੇ ‘ਤੇ ਰੂਸ ਦੀ ਵਿਚੋਲਗੀ ਨੂੰ ਸਵੀਕਾਰ ਕਿਉਂ ਕੀਤਾ? ਓਵੈਸੀ ਨੇ ਕਿਹਾ ਕਿ ਇਹ ਦੇਸ਼ ਜਾਣਨਾ ਚਾਹੁੰਦਾ ਹੈ ਕਿ ਚੀਨ ਵਿਵਾਦ ‘ਤੇ ਸਰਕਾਰ ਕੀ ਕਰ ਰਹੀ ਹੈ? ਰੱਖਿਆ ਮੰਤਰੀ ਨੇ ਮੰਗਲਵਾਰ ਨੂੰ ਸੰਸਦ ‘ਚ ਕਿਹਾ ਕਿ ਚੀਨ ਨੇ ਐਲਏਸੀ ਨੇੜੇ ਅੰਦਰੂਨੀ ਇਲਾਕਿਆਂ ਵਿੱਚ ਵੱਡੀ ਗਿਣਤੀ ‘ਚ ਫੌਜ ਅਤੇ ਹਥਿਆਰ ਤਾਇਨਾਤ ਕੀਤੇ ਹਨ ਅਤੇ ਭਾਰਤ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।