ਰੂਸ ਅਤੇ ਯੂਕਰੇਨ ਵਿਚਾਲੇ ਜੰਗ ਪੰਜਵੇਂ ਦਿਨ ਵੀ ਜਾਰੀ ਹੈ । ਇਸ ਦੇ ਨਾਲ ਹੀ ਆਪਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। 249 ਭਾਰਤੀ ਨਾਗਰਿਕਾਂ ਨਾਲ ਏਅਰ ਇੰਡੀਆ ਦੀ ਪੰਜਵੀਂ ਉਡਾਣ ਸੋਮਵਾਰ ਸਵੇਰੇ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਦਿੱਲੀ ਪਹੁੰਚੀ । ਏਅਰ ਇੰਡੀਆ ਦੀ 1942A ਫਲਾਈਟ ਨੇ ਬੁਖਾਰੇਸਟ ਤੋਂ ਦਿੱਲੀ ਲਈ ਭਾਰਤੀ ਸਮੇਂ ਅਨੁਸਾਰ 12:30 ਵਜੇ ਉਡਾਣ ਭਰੀ ਸੀ । ਇਹ ਫਲਾਈਟ ਸੋਮਵਾਰ ਸਵੇਰੇ ਕਰੀਬ 6:30 ਵਜੇ ਦਿੱਲੀ ਪਹੁੰਚੀ । ਤਿੰਨ ਦਿਨਾਂ ਵਿੱਚ ਹੁਣ ਤੱਕ 1156 ਭਾਰਤੀ ਯੂਕਰੇਨ ਤੋਂ ਸੁਰੱਖਿਅਤ ਪਰਤੇ ਹਨ।
ਹਾਲਾਂਕਿ, ਭਾਰਤੀ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਦਾ ਕਹਿਣਾ ਹੈ ਕਿ ਭਾਰਤ ਨੇ ਯੂਕਰੇਨ ਤੋਂ ਆਪਣੇ ਲਗਭਗ 2,000 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਉਨ੍ਹਾਂ ਵਿੱਚੋਂ 1,000 ਨੂੰ ਹੰਗਰੀ ਅਤੇ ਰੋਮਾਨੀਆ ਰਾਹੀਂ ਚਾਰਟਰਡ ਜਹਾਜ਼ਾਂ ਰਾਹੀਂ ਘਰ ਲਿਆਂਦਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ: Breaking : ਰੂਸ ਨਾਲ ਗੱਲਬਾਤ ਲਈ ਮੰਨਿਆ ਯੂਕਰੇਨ, ਬੇਲਾਰੂਸ ਬਾਰਡਰ ‘ਤੇ ਹੋਵੇਗੀ ਮੀਟਿੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸ਼ਾਮ ਨੂੰ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਇੱਕ ਉੱਚ-ਪੱਧਰੀ ਮੀਟਿੰਗ ਕੀਤੀ । ਇਸ ਤੋਂ ਪਹਿਲਾਂ ਵੀਰਵਾਰ ਨੂੰ ਪੀਐੱਮ ਮੋਦੀ ਨੇ ਦਿੱਲੀ ਵਿੱਚ ਸੁਰੱਖਿਆ ‘ਤੇ ਇੱਕ ਕੈਬਨਿਟ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ , ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਪ੍ਰਮੁੱਖ ਤਰਜੀਹ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਹੈ।
ਦੱਸ ਦੇਈਏ ਕਿ ਸਰਕਾਰ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੱਛਮੀ ਯੂਕਰੇਨ ਵਿੱਚ ਓਜਹੋਰੋਡ, ਸਲੋਵਾਕੀਆ ਦੀ ਸਰਹੱਦ ਅਤੇ ਹੰਗਰੀ ਦੇ ਨਾਲ ਲੱਗਦੀ ਸਰਹੱਦ ਦੇ ਨੇੜੇ ਪੱਛਮ ਵੱਲ ਵਧਣ ਅਤੇ ਉੱਥੋਂ ਉਹ ਟ੍ਰੇਨ ਰਾਹੀਂ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਪਹੁੰਚ ਸਕਦੇ ਹਨ ਅਤੇ ਉੱਥੋਂ ਉਨ੍ਹਾਂ ਨੂੰ ਏਅਰਲਿਫਟ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ ਨੇ ਹੰਗਰੀ ਵਿੱਚ ਆਪਣੇ ਹੰਗਰੀ ਹਮਰੁਤਬਾ ਪੀਟਰ ਸਿਜ਼ਾਤਰੇ ਨਾਲ ਗੱਲ ਕੀਤੀ ਅਤੇ ਹੰਗਰੀ-ਯੂਕਰੇਨੀ ਸਰਹੱਦ ਤੋਂ ਭਾਰਤੀਆਂ ਨੂੰ ਕੱਢਣ ਵਿੱਚ ਹੁਣ ਤੱਕ ਦਿੱਤੀ ਗਈ ਸਹਾਇਤਾ ਲਈ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -: