Air India All Woman Pilot Team: ਪਹਿਲੀ ਏਅਰ ਲਾਈਨ ਕੰਪਨੀ ਏਅਰ ਇੰਡੀਆ ਇੱਕ ਹੋਰ ਉਪਲਬਧੀ ਹਾਸਿਲ ਕਰਨ ਜਾ ਰਹੀ ਹੈ। ਜਿੱਥੇ ਏਅਰ ਇੰਡੀਆ ਦੀ ਮਹਿਲਾ ਪਾਇਲਟਾਂ ਦੀ ਇੱਕ ਟੀਮ ਦੁਨੀਆ ਦੇ ਸਭ ਤੋਂ ਲੰਬੇ ਮਾਰਗ ਰਾਹੀਂ ਉਡਾਣ ਭਰਨ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਟੀਮ ਦੁਨੀਆ ਦੇ ਸਭ ਤੋਂ ਲੰਬੇ ਹਵਾਈ ਮਾਰਗ ਉੱਤਰੀ ਧਰੁਵ ‘ਤੇ ਉਡਾਣ ਭਰੇਗੀ । ਅਮਰੀਕਾ ਦੇ ਸੈਨ ਫ੍ਰਾਂਸਿਸਕੋ ਤੋਂ ਉਡਾਣ ਭਰਦੇ ਹੋਏ ਇਹ ਟੀਮ ਉਤਰੀ ਧਰੁਵ ਤੋਂ ਹੁੰਦੇ ਹੋਏ 9 ਜਨਵਰੀ ਨੂੰ ਬੇਂਗਲੁਰੂ ਪੁੱਜੇਗੀ ਅਤੇ ਇਸ ਦੌਰਾਨ ਲਗਭਗ 16,000 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।
ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਧਰੁਵ ਦੇ ਉੱਪਰੋਂ ਉਡਾਣ ਭਰਨਾ ਬਹੁਤ ਹੀ ਚੁਣੌਤੀ ਭਰਪੂਰ ਹੈ ਅਤੇ ਏਅਰਲਾਈਨ ਕੰਪਨੀਆਂ ਇਸ ਰਸਤੇ ‘ਤੇ ਆਪਣੇ ਸਭ ਤੋਂ ਉੱਤਮ ਅਤੇ ਤਜਰਬੇਕਾਰ ਪਾਇਲਟਾਂ ਨੂੰ ਭੇਜਦੀਆਂ ਹਨ । ਇਸ ਵਾਰ ਏਅਰ ਇੰਡੀਆ ਨੇ ਸੈਨ ਫ੍ਰਾਂਸਿਸਕੋ ਤੋਂ ਬੇਂਗਲੁਰੂ ਤੱਕ ਦੇ ਧਰੁਵੀ ਰਸਤੇ ਤੋਂ ਯਾਤਰਾ ਲਈ ਇੱਕ ਮਹਿਲਾ ਕੈਪਟਨ ਨੂੰ ਜ਼ਿੰਮੇਦਾਰੀ ਦਿੱਤੀ ਹੈ।
ਇਸ ਸਬੰਧੀ ਕੈਪਟਨ ਜੋਆ ਅਗਰਵਾਲ ਨੇ ਕਿਹਾ ਕਿ ਦੁਨੀਆ ਦੇ ਜ਼ਿਆਦਾਤਰ ਲੋਕਾਂ ਨੇ ਆਪਣੇ ਜੀਵਨ ਵਿੱਚ ਉਤਰੀ ਧਰੁਵ ਜਾਂ ਜਿੱਥੇ ਤੱਕ ਕਿ ਇਸੇ ਨਕਸ਼ੇ ‘ਤੇ ਵੀ ਨਹੀਂ ਦੇਖੀ ਹੋਵੇਗੀ। ਉਨ੍ਹਾਂ ਕਿਹਾ ਕਿ ਨਾਗਰਿਕ ਉਡਾਣ ਮੰਤਰਾਲੇ ਤੇ ਸਾਡੇ ਫਲੈਗ ਕੈਰੀਅਰ ਨੇ ਮੇਰੇ ‘ਤੇ ਜੋ ਵਿਸ਼ਵਾਸ ਜਤਾਇਆ ਹੈ ਉਸ ਨਾਲ ਮੈਂ ਬਹੁਤ ਹੀ ਮੈਨੂੰ ਮਾਣ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਕਿਹਾ ਕਿ ਸੈਨ ਫ੍ਰਾਂਸਿਸਕੋ-ਬੈਂਗਲੁਰੂ ਦੀ ਸ਼ੁਰੂਆਤੀ ਉਡਾਣ ਨੂੰ ਕਮਾਂਡ ਕਰਨਾ ਮੇਰੇ ਲਈ ਇੱਕ ਸੁਨਹਿਰਾ ਮੌਕਾ ਹੈ। ਉਸਨੇ ਦੱਸਿਆ ਕਿ ਉੱਤਰੀ ਧਰੁਵ ਤੋਂ ਹੋ ਕੇ ਨਿਕਲਣ ਵਾਲਾ ਇਹ ਰਸਤਾ ਦੁਨੀਆ ਦੇ ਸਭ ਤੋਂ ਲੰਬੇ ਰੂਟਾਂ ਵਿੱਚੋਂ ਇੱਕ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਇਸ ਗੱਲ ਦਾ ਬੇਹੱਦ ਮਾਣ ਹੈ ਕਿ ਮੇਰੇ ਕੋਲ ਅਨੁਭਵੀ ਮਹਿਲਾਵਾਂ ਦੀ ਟੀਮ ਹੈ, ਜਿਸ ਵਿੱਚ ਕੈਪਟਨ ਪਪਾਗਰੀ, ਆਕਾਂਕਸ਼ਾ ਸੋਨਾਵਨੇ ਅਤੇ ਸ਼ਿਵਾਨੀ ਮਨਹਸ ਸ਼ਾਮਿਲ ਹਨ। ਦੁਨੀਆ ਵਿੱਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਪਾਇਲਟਾਂ ਦੀ ਅਜਿਹੀ ਟੀਮ ਉੱਤਰੀ ਧਰੁਵ ਦੇ ਉੱਪਰੋਂ ਉਡਾਣ ਭਰੇਗੀ ਜਿਸ ਵਿੱਚ ਸਿਰਫ ਮਹਿਲਾਵਾਂ ਹੋਣਗੀਆਂ। ਇੱਕ ਤਰ੍ਹਾਂ ਇਹ ਇਤਿਹਾਸ ਰਚਣ ਦੀ ਕਵਾਇਦ ਹੋਵੇਗੀ । ਇਹ ਕਿਸੇ ਵੀ ਪੇਸ਼ੇਵਰ ਪਾਇਲਟ ਲਈ ਇੱਕ ਸੁਫਨੇ ਦੀ ਤਰ੍ਹਾਂ ਹੈ ਜੋ ਸੱਚ ਹੋਣ ਜਾ ਰਿਹਾ ਹੈ।