ਏਅਰ ਇੰਡੀਆ ਨੂੰ ਖਰੀਦਣ ਲਈ ਟਾਟਾ ਗਰੁੱਪ ਦੀ ਬੋਲੀ ਮਨਜ਼ੂਰ ਹੋਣ ਦੀ ਖਬਰ ਨੂੰ ਸਰਕਾਰ ਨੇ ਖਾਰਿਜ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਸਾਹਮਣੇ ਆਈਆਂ ਮੀਡੀਆ ਰਿਪੋਰਟਾਂ ਗਲਤ ਹਨ, ਹਾਲੇ ਕੁਝ ਵੀ ਤੈਅ ਨਹੀਂ ਕੀਤਾ ਗਿਆ ਹੈ।
ਜਦੋਂ ਵੀ ਇਸ ਬਾਰੇ ਕੁਝ ਫੈਸਲਾ ਹੋਵੇਗਾ ਉਸਦੀ ਜਾਣਕਾਰੀ ਮੀਡੀਆ ਨੂੰ ਆਪਣੇ ਆਪ ਦੇ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੁਝ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਟਾਟਾ ਵੱਲੋਂ ਏਅਰ ਇੰਡੀਆ ਖਰੀਦਣ ਦੇ ਪ੍ਰਸਤਾਵ ਨੂੰ ਸਰਕਾਰ ਨੇ ਸਵੀਕਾਰ ਕਰ ਲਿਆ ਹੈ।
ਸਰਕਾਰ ਨੇ ਏਅਰ ਇੰਡੀਆ ਵਿੱਚ ਪੂਰੀ 100 ਫ਼ੀਸਦੀ ਹਿੱਸੇਦਾਰੀ ਵੇਚਣ ਲਈ ਟੈਂਡਰ ਬੁਲਾਇਆ ਸੀ। ਏਅਰ ਇੰਡੀਆ ਦੀ ਦੂਜੀ ਕੰਪਨੀ ਏਅਰ ਇੰਡੀਆ ਸੈਟਸ (AISATS) ਵਿੱਚ ਸਰਕਾਰ ਇਸਦੇ ਨਾਲ 50 ਫ਼ੀਸਦੀ ਹਿੱਸੇਦਾਰੀ ਵੇਚੇਗੀ।
ਰਿਪੋਰਟ ਅਨੁਸਾਰ ਟਾਟਾ ਗਰੁੱਪ ਨੇ ਸਪਾਈਸ ਜੈੱਟ ਦੇ ਚੇਅਰਮੈਨ ਅਜੇ ਸਿੰਘ ਤੋਂ ਲਗਭਗ 3 ਹਜ਼ਾਰ ਕਰੋੜ ਰੁਪਏ ਜ਼ਿਆਦਾ ਬੋਲੀ ਲਗਾਈ ਸੀ । ਏਅਰ ਇੰਡੀਆ ਦੇ ਲਈ ਬੋਲੀ ਲਗਾਉਣ ਦੀ ਆਖਰੀ ਤਾਰੀਕ 15 ਸਤੰਬਰ ਸੀ ।