air india terminates 48 pilots: ਨਵੀਂ ਦਿੱਲੀ: ਸਰਕਾਰੀ ਏਅਰ ਲਾਈਨ ਕੰਪਨੀ ਏਅਰ ਇੰਡੀਆ ਨੇ ਵੀਰਵਾਰ ਨੂੰ 48 ਪਾਇਲਟਾਂ ਨੂੰ ਬਰਖਾਸਤ ਕਰ ਦਿੱਤਾ ਹੈ। ਇਹ ਉਹ ਪਾਇਲਟ ਹਨ ਜਿਨ੍ਹਾਂ ਨੇ ਪਿੱਛਲੇ ਸਾਲ ਅਸਤੀਫਾ ਦੇ ਦਿੱਤਾ ਸੀ ਪਰ ਨਿਯਮਾਂ ਅਨੁਸਾਰ ਉਨ੍ਹਾਂ ਨੇ ਛੇ ਮਹੀਨਿਆਂ ਦੇ ਨੋਟਿਸ ਦੀ ਮਿਆਦ ਦੇ ਅੰਦਰ ਆਪਣੇ ਅਸਤੀਫ਼ੇ ਵਾਪਿਸ ਵੀ ਲੈ ਲਏ ਸਨ। ਉਨ੍ਹਾਂ ਨੂੰ ਏਅਰ ਲਾਈਨ ਦੇ ਏਅਰਬੱਸ 320 ਜਹਾਜ਼ ਉਡਾਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਫੈਸਲੇ ਨਾਲ ਪਾਇਲਟਾਂ ਵਿੱਚ ਕਾਫੀ ਨਾਰਾਜ਼ਗੀ ਹੈ। ਇਨ੍ਹਾਂ ਪਾਇਲਟਾਂ ਦਾ ਅਸਤੀਫ਼ਾ ਵਾਪਿਸ ਲੈਣ ਦੇ ਫੈਸਲੇ ਨੂੰ ਪਹਿਲਾਂ ਮਨਜ਼ੂਰੀ ਦਿੱਤੀ ਗਈ ਸੀ ਪਰ ਵੀਰਵਾਰ ਦੀ ਰਾਤ ਨੂੰ ਇਹ ਫੈਸਲਾ ਅਚਾਨਕ ਰੱਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਸਰਵਿਸ ਨੂੰ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤਾ ਗਿਆ ਹੈ। ਏਅਰ ਇੰਡੀਆ ਨੇ ਟਰਮੀਨੇਸ਼ਨ ਪੱਤਰ ‘ਚ ਕੰਪਨੀ ਦੇ ਕੰਮਕਾਜ ਅਤੇ ਕੋਵਿਡ -19 ਦੇ ਪ੍ਰਭਾਵ ‘ਤੇ ਵਿੱਤੀ ਰੁਕਾਵਟਾਂ ਦਾ ਹਵਾਲਾ ਦਿੱਤਾ ਹੈ।
ਟਰਮੀਨੇਸ਼ਨ ਪੱਤਰ ‘ਚ ਕਿਹਾ ਗਿਆ ਹੈ, “ਕੋਵਿਡ ਦੇ ਕਾਰਨ ਇਸ ਸਮੇਂ ਸੀਮਤ ਸੰਚਾਲਨ ਹਨ ਅਤੇ ਆਉਣ ਵਾਲੇ ਸਮੇਂ ‘ਚ ਵੱਧਣ ਦੀ ਉਮੀਦ ਨਹੀ ਹੈ। ਕੰਪਨੀ ਨੂੰ ਵੱਡਾ ਸ਼ੁੱਧ ਘਾਟਾ ਪੈ ਰਿਹਾ ਹੈ ਅਤੇ ਇਸਦੀ ਅਦਾਇਗੀ ਕਰਨ ਦੀ ਵਿੱਤੀ ਸਮਰੱਥਾ ਵੀ ਨਹੀਂ ਹੈ।” ਹੈਰਾਨੀ ਵਾਲੀ ਗੱਲ ਇਹ ਹੈ ਕਿ ਟਰਮੀਨੈਟ ਹੋਣ ਵਾਲੇ ਪਾਇਲਟਾਂ ‘ਚੋਂ ਕੁੱਝ ਨੇ ਸ਼ੁੱਕਰਵਾਰ ਨੂੰ ਵੀ ਉਡਾਣ ਭਰੀ ਸੀ। ਟਰਮੀਨੈਟ ਹੋਣ ਤੋਂ ਬਾਅਦ, ਉਨ੍ਹਾਂ ਦੀ ਮਾਨਸਿਕ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇੰਡੀਅਨ ਕਮਰਸ਼ੀਅਲ ਪਾਇਲਟ ਐਸੋਸੀਏਸ਼ਨ (ਆਈਸੀਪੀਏ) ਨੇ ਹੁਣ ਏਅਰ ਇੰਡੀਆ ਦੇ ਚੇਅਰਮੈਨ ਅਤੇ ਐਮਡੀ ਰਾਜੀਵ ਬਾਂਸਲ ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਪਾਇਲਟਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਟਰਮੀਨੈਟ ਕਰਨ ਵਿਰੁੱਧ ਤੁਰੰਤ ਦਖਲ ਦੀ ਮੰਗ ਕੀਤੀ ਗਈ ਹੈ। ਮਹੱਤਵਪੂਰਨ ਹੈ ਕਿ ਪਾਇਲਟ ਜਿਨ੍ਹਾਂ ਨੂੰ ਕੱਢਿਆ ਗਿਆ ਹੈ ਉਨ੍ਹਾਂ ਨੇ ਜੁਲਾਈ 2019 ਤੱਕ ਅਸਤੀਫ਼ਾ ਵਾਪਿਸ ਲੈ ਲਿਆ ਸੀ। ਸਮੇਂ ਸਿਰ ਤਨਖਾਹ ਭੱਤੇ ਦੀ ਅਦਾਇਗੀ ਨਾ ਕਰਨ ਕਾਰਨ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ। ਪਰ ਫਿਰ ਜ਼ਰੂਰੀ ਤੌਰ ‘ਤੇ ਅਸਤੀਫ਼ਾ ਛੇ ਮਹੀਨਿਆਂ ਦੇ ਨੋਟਿਸ ਦੀ ਮਿਆਦ ਦੇ ਅੰਦਰ ਵਾਪਿਸ ਲੈ ਲਿਆ ਗਿਆ ਸੀ ਅਤੇ ਇਸ ਫੈਸਲੇ ਨੂੰ ਵੀ ਸਵੀਕਾਰ ਕਰ ਲਿਆ ਗਿਆ ਸੀ। ਹੁਣ ਉਹ ਪਾਇਲਟ ਕੋਰਟ ਜਾਣ ਦੀ ਤਿਆਰੀ ਕਰ ਰਹੇ ਹਨ।