Air India women pilots: ਨਵੀਂ ਦਿੱਲੀ: ਏਅਰ ਇੰਡੀਆ ਦੀ ਮਹਿਲਾ ਪਾਇਲਟਾਂ ਦੀ ਟੀਮ ਨੇ ਦੁਨੀਆ ਦਾ ਸਭ ਤੋਂ ਲੰਬੇ ਹਵਾਈ ਮਾਰਗ ਉੱਤਰੀ ਧਰੁਵ ‘ਤੇ ਉਡਾਣ ਭਰ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਹ ਮਹਿਲਾਵਾਂ ਅਮਰੀਕਾ ਦੇ ਸੈਨ ਫਰਾਂਸਿਸਕੋ ਤੋਂ 16,000 ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ ਬੈਂਗਲੁਰੂ ਪਹੁੰਚੀਆਂ ਹਨ। 16 ਹਜ਼ਾਰ ਕਿਲੋਮੀਟਰ ਦੇ ਇਸ ਸਫ਼ਰ ਨੂੰ ਤੈਅ ਕਰਨ ਵਾਲੀ ਟੀਮ ਨੂੰ ਪਾਇਲਟ ਕਪਤਾਨ ਜੋਯਾ ਅਗਰਵਾਲ ਲੀਡ ਕਰ ਰਹੀਆਂ ਹਨ। ਮਹਿਲਾਵਾਂ ਦੇ ਇਸ ਇਤਿਹਾਸ ਬਾਰੇ ਏਅਰ ਇੰਡੀਆ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਸਮੇਂ-ਸਮੇਂ ‘ਤੇ ਜਾਣਕਾਰੀ ਦਿੱਤੀ । ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਇਸ ਬਾਰੇ ਟਵੀਟ ਕੀਤਾ ਹੈ।
ਦੱਸ ਦੇਈਏ ਕਿ ਇਹ ਜਹਾਜ਼ ਉੱਤਰੀ ਧਰੁਵ ਤੋਂ ਗੁਜ਼ਰ ਕੇ ਭਾਰਤ ਪਹੁੰਚ ਗਿਆ ਹੈ । ਜ਼ੋਆ ਉਹੀ ਮਹਿਲਾ ਪਾਇਲਟ ਹੈ ਜਿਸ ਨੇ 2013 ਵਿੱਚ ਬੋਇੰਗ -777 ਜਹਾਜ਼ ਉਡਾਇਆ ਸੀ, ਉਸ ਸਮੇਂ ਇਹ ਜਹਾਜ਼ ਉਡਾਉਣ ਵਾਲੀ ਇਹ ਸਭ ਤੋਂ ਨੌਜਵਾਨ ਮਹਿਲਾ ਪਾਇਲਟ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਇਸ ਵਾਰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ। ਜ਼ੋਆ ਦੇ ਨਾਲ ਕਪਤਾਨ ਪਾਪਾਗਰੀ ਤਨਮਈ, ਕੈਪਟਨ ਸ਼ਿਵਾਨੀ ਅਤੇ ਕਪਤਾਨ ਅਕਾਂਕਸ਼ਾ ਸੋਨਵਰੇ ਵੀ ਹਨ।
ਇਸ ਬਾਰੇ ਏਅਰ ਇੰਡੀਆ ਨੇ ਇੱਕ ਟਵੀਟ ਵੀ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ‘ਵੈਲਕਮ ਹੋਮ, ਕਪਤਾਨ ਜ਼ੋਯਾ ਕਪਤਾਨ ਪਾਪਾਗਰੀ ਤਨਮਈ, ਕਪਤਾਨ ਸ਼ਿਵਾਨੀ ਅਤੇ ਕਪਤਾਨ ਅਕਾਂਕਸ਼ਾ ਸੋਨਵਰੇ ਦੀ ਇਹ ਯਾਤਰਾ ਮੀਲ ਦਾ ਪੱਥਰ ਸਾਬਿਤ ਹੋਵੇਗੀ। ਇਹ ਪਲ ਏਅਰ ਇੰਡੀਆ ਲਈ ਮਾਣ ਵਾਲੀ ਗੱਲ ਹੈ । ਅਸੀਂ AI176 ਦੇ ਯਾਤਰੀਆਂ ਨੂੰ ਵੀ ਵਧਾਈ ਦਿੰਦੇ ਹਾਂ, ਜੋ ਇਸ ਇਤਿਹਾਸਕ ਯਾਤਰਾ ਦਾ ਹਿੱਸਾ ਬਣੇ।
ਦਰਅਸਲ, ਇਸ ਹਵਾਈ ਮਾਰਗ ‘ਤੇ ਸਫ਼ਰ 17 ਘੰਟਿਆਂ ਤੋਂ ਵੱਧ ਹੈ। ਉਡਾਣ ਦੇ ਦਿਨ ਹਵਾ ਦੀ ਗਤੀ ਸਫ਼ਰ ਦੇ ਸਮੇਂ ਨੂੰ ਨਿਰਧਾਰਤ ਕਰਦੀ ਹੈ। ਇਸ ਰੂਟ ‘ਤੇ ਸ਼ੁਰੂ ਹੋਣ ਨਾਲ ਏਅਰ ਇੰਡੀਆ ਨੂੰ ਵਿੱਤੀ ਤੌਰ ‘ਤੇ ਫਾਇਦਾ ਹੋਵੇਗਾ। ਇਸ ਯਾਤਰਾ ਵਿੱਚ ਘੱਟ ਸਮਾਂ ਲੱਗੇਗਾ ਅਤੇ ਇਹ ਤੇਜ਼ ਅਤੇ ਆਰਥਿਕ ਵੀ ਹੋਵੇਗੀ। ਏਅਰ ਇੰਡੀਆ ਅਤੇ ਭਾਰਤ ਵਿੱਚ ਕਿਸੇ ਵੀ ਏਅਰ ਲਾਈਨ ਦੀ ਵੱਲੋਂ ਸੰਚਾਲਿਤ ਹੋਣ ਵਾਲੀ ਇਹ ਦੁਨੀਆ ਦੀ ਸਭ ਤੋਂ ਲੰਬੀ ਵਪਾਰਕ ਉਡਾਣ ਹੈ। ਏਅਰ ਇੰਡੀਆ ਦੀ ਕਿਸੇ ਵੀ ਉਡਾਣ ਨਾਲੋਂ ਮਹਿਲਾ ਕਰਮਚਾਰੀਆਂ ਦੀ ਗਿਣਤੀ ਜ਼ਿਆਦਾ ਹੈ। ਏਅਰ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਨਿਵੇਦਿਤਾ ਭਸੀਨ ਇਸ ਪਹਿਲੀ ਸੈਨ ਫਰਾਂਸਿਸਕੋ-ਬੈਂਗਲੁਰੂ ਉਡਾਣ ਵਿੱਚ ਯਾਤਰਾ ਕਰ ਰਹੀਆਂ ਹਨ।