Air quality of Delhi NCR: ਦਿੱਲੀ-ਐਨਸੀਆਰ ਵਿੱਚ ਵਾਯੂਮੰਡਲ ਵਿੱਚ ਪ੍ਰਦੂਸ਼ਣ ਵਧਣ ਨਾਲ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੋ ਗਈ ਹੈ। ਵਾਯੂਮੰਡਲ ਵਿੱਚ ਧੁੰਦ ਅਤੇ ਹਵਾ ਪ੍ਰਦੂਸ਼ਣ ਵਧਣ ਦਾ ਅਸਰ ਹੁਣ ਲੋਕਾਂ ‘ਤੇ ਸਾਫ ਦਿਖਾਈ ਦੇ ਰਿਹਾ ਹੈ । ਹਾਲਾਂਕਿ ਧੁੰਦ ਦੇ ਕਾਰਨ ਵਿਜ਼ੀਬਿਲਿਟੀ ਵਿੱਚ ਕਾਫ਼ੀ ਕਮੀ ਆਈ ਹੈ , ਉੱਥੇ ਹੀ ਲੋਕਾਂ ਨੂੰ ਸਵੇਰ ਦੀ ਸੈਰ ਅਤੇ ਸਾਈਕਲਿੰਗ ਦੌਰਾਨ ਸਾਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ। ਸ਼ਨੀਵਾਰ ਸਵੇਰੇ ਅਕਸ਼ਰਧਾਮ ਤੋਂ ਲੈ ਕੇ ਇੰਡੀਆ ਗੇਟ ਅਤੇ ਮਯੂਰ ਵਿਹਾਰ ਤੋਂ ਲੈ ਕੇ ਡੀ ਐਨ ਡੀ ਫਲਾਈਓਵਰ ਤੱਕ ਸੰਘਣੀ ਧੁੰਦ ਛਾਈ ਹੋਈ ਵੇਖੀ ਗਈ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ ITO ‘ਤੇ ਏਅਰ ਕੁਆਲਿਟੀ ਇੰਡੈਕਸ (AQI) 338 ਦਰਜ ਕੀਤਾ ਗਿਆ ਹੈ। ਉੱਥੇ ਹੀ ਪਟਪੜਗੰਜ ਵਿਖੇ ਵੀ AQI 359 ਦਰਜ ਕੀਤਾ ਗਿਆ । ਸ਼ਨੀਵਾਰ ਸਵੇਰੇ ਸਾਈਕਲ ਚਲਾਉਣ ਲਈ ਨਿਕਲੇ ਇੱਕ ਵਿਅਕਤੀ ਨੇ ਦੱਸਿਆ ਕਿ ਪਿਛਲੇ ਡੇਢ ਹਫ਼ਤਿਆਂ ਤੋਂ ਸਾਈਕਲ ਚਲਾਉਂਦੇ ਸਮੇਂ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਹੈ, ਪਹਿਲਾਂ ਅਜਿਹਾ ਨਹੀਂ ਹੁੰਦਾ ਸੀ।
ਇੱਕ ਸਥਾਨਕ ਵਿਅਕਤੀ ਨੇ ਕਿਹਾ ਕਿ ਸਰਕਾਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਉਪਰਾਲੇ ਕਰ ਰਹੀ ਹੈ, ਪਰ ਨਾਗਰਿਕਾਂ ਨੂੰ ਵੀ ਸਰਕਾਰ ਵੱਲੋਂ ਚੁੱਕੇ ਜਾ ਰਹੇ ਉਪਰਾਲਿਆਂ ਵਿੱਚ ਯੋਗਦਾਨ ਪਾਉਣ ਅਤੇ ਸਮਰਥਨ ਕਰਨ ਦੀ ਲੋੜ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (DPCC) ਦੇ ਏਅਰ ਪ੍ਰਦੂਸ਼ਣ ਇੰਡੈਕਸ ਦੇ ਅੰਕੜਿਆਂ ਅਨੁਸਾਰ ਅਲੀਪੁਰ, ਮੁੰਡਕਾ ਅਤੇ ਵਜ਼ੀਰਪੁਰ ਵਿੱਚ ਸਥਿਤੀ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਗਈ ਹੈ। ਦਿੱਲੀ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਚੁੱਕੇ ਜਾ ਰਹੇ ਉਪਰਾਲਿਆਂ ਦੇ ਤਹਿਤ ਪਾਣੀ ਦੀ ਛਿੜਕਾਅ ਲਈ ਅੱਜ ITO ਸਣੇ ਰਾਜਧਾਨੀ ਵਿੱਚ ਕਈ ਥਾਵਾਂ ‘ਤੇ ਐਂਟੀ-ਸਮੋਗ ਗਨ ਤਾਇਨਾਤ ਕੀਤੀ ਗਈ ਹੈ।