Air quality remains very poor: ਨਵੀਂ ਦਿੱਲੀ: ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ (AQI) ਹੌਲੀ-ਹੌਲੀ ਬੇਹੱਦ ਖਰਾਬ ਜਾ ਰਹੀ ਹੈ। ਇਸ ਨਾਲ ਦਿੱਲੀ ਵਿੱਚ ਲੋਕਾਂ ਨੂੰ ਸਾਫ ਹਵਾ ਵਿੱਚ ਸਾਹ ਲੈਣਾ ਮੁਸ਼ਕਿਲ ਹੋਇਆ ਹੈ। ਉੱਥੇ ਹੀ ਭੀੜ ਵਾਲੀਆਂ ਥਾਵਾਂ ‘ਤੇ ਪ੍ਰਦੂਸ਼ਣ ਕਾਰਨ ਲੋਕਾਂ ਦੀਆਂ ਅੱਖਾਂ ਵਿੱਚ ਜਲਨ ਤੱਕ ਹੋਣ ਲੱਗੀ ਹੈ। ਪ੍ਰਦੂਸ਼ਣ ਦਾ ਆਲਮ ਇਹ ਹੈ ਕਿ ਕਈ ਥਾਵਾਂ ‘ਤੇ ਵਿਜ਼ੀਬਿਲਿਟੀ ਕਾਫ਼ੀ ਘੱਟ ਹੋ ਗਈ ਹੈ। ਸਵੇਰੇ-ਸਵੇਰੇ ਧੁੰਦ ਕਾਰਨ ਸੜਕਾਂ ‘ਤੇ ਦਿਖਾਈ ਦੇਣਾ ਮੁਸ਼ਕਿਲ ਹੋ ਗਿਆ ਹੈ।
ਆਨੰਦ ਵਿਹਾਰ ਖੇਤਰ ਵਿੱਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ ਵਿੱਚ ਪਹੁੰਚ ਗਈ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਅੰਕੜਿਆਂ ਅਨੁਸਾਰ ਸੋਮਵਾਰ ਸਵੇਰੇ ਆਨੰਦ ਵਿਹਾਰ ਵਿੱਚ ਹਵਾ ਦੀ ਗੁਣਵੱਤਾ ਦਾ ਇੰਡੈਕਸ ਬਹੁਤ ਗੰਭੀਰ ਸਥਿਤੀ ਵਿੱਚ ਦਰਜ ਕੀਤਾ ਗਿਆ । ਇੱਥੇ AQI 405 ਤੱਕ ਪਹੁੰਚ ਗਿਆ, ਜੋ ਕਿ ਬਹੁਤ ਗੰਭੀਰ ਸ਼੍ਰੇਣੀ ਵਿੱਚ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ AQI ਰਾਸ਼ਟਰੀ ਰਾਜਧਾਨੀ ਦੇ ਰੋਹਿਨੀ, ਆਈਟੀਓ ਅਤੇ ਦੁਆਰਕਾ ਸਮੇਤ ਕਈ ਥਾਵਾਂ ‘ਤੇ ਬਹੁਤ ਮਾੜੀ ਸ਼੍ਰੇਣੀ ਵਿੱਚ ਹੈ। ਦੱਸ ਦੇਈਏ ਕਿ 0 ਅਤੇ 50 ਦੇ ਵਿਚਕਾਰ AQI ਨੂੰ ‘ਚੰਗਾ’, 51 ਅਤੇ 100 ਵਿਚਕਾਰ ‘ਸੰਤੋਖਜਨਕ’, 101 ਅਤੇ 200 ਵਿਚਕਾਰ ‘ਮੀਡੀਅਮ’, 201 ਅਤੇ 300 ਵਿਚਾਲੇ ‘ਖਰਾਬ’, 301 ਅਤੇ 400 ਵਿਚਾਲੇ ‘ਬਹੁਤ ਖਰਾਬ’ ਹਨ ਅਤੇ 401 ਅਤੇ 500 ਦੇ ਵਿਚਕਾਰ ‘ਬਹੁਤ ਗੰਭੀਰ’ ਮੰਨਿਆ ਜਾਂਦਾ ਹੈ।
ਇਸ ਸਬੰਧੀ ਐਤਵਾਰ ਨੂੰ ਅਧਿਕਾਰੀਆਂ ਨੇ ਕਿਹਾ ਸੀ ਕਿ ਮੁੰਡਕਾ, ਆਨੰਦ ਵਿਹਾਰ, ਜਹਾਂਗੀਰਪੁਰੀ, ਵਿਵੇਕ ਵਿਹਾਰ ਅਤੇ ਬਵਾਨਾ ਵਰਗੇ ਇਲਾਕਿਆਂ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ‘ਗੰਭੀਰ’ ਰਿਹਾ । ਸ਼ਾਮ ਤੱਕ ਮੁੰਡਕਾ ਅਤੇ ਵਿਵੇਕ ਵਿਹਾਰ ਦਾ AQI ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਆ ਗਿਆ। ਧਰਤੀ ਵਿਗਿਆਨ ਮੰਤਰਾਲੇ ਦੀ ਏਅਰ ਕੁਆਲਟੀ ਨਿਗਰਾਨੀ ਪ੍ਰਣਾਲੀ ਅਨੁਸਾਰ AQI ਦਾ ਪੱਧਰ ਮੰਗਲਵਾਰ ਤੱਕ ‘ਬਹੁਤ ਮਾੜਾ’ ਰਹਿ ਸਕਦਾ ਹੈ । ਹਾਲਾਂਕਿ, ਹੌਲੀ-ਹੌਲੀ ਹਵਾ ਦੇ ਰਫ਼ਤਾਰ ਫੜਨ ਨਾਲ ਸਥਿਤੀ ਬਿਹਤਰ ਹੋ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਦੀ ਉਮੀਦ ਹੈ। ਏਜੰਸੀ ਨੇ ਕਿਹਾ ਸੀ ਕਿ ਮੌਜੂਦਾ ਸਥਿਤੀ ਵਿੱਚ 26 ਅਕਤੂਬਰ ਤੱਕ ਕੁਝ ਸੁਧਾਰ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ ਸ਼ੁੱਕਰਵਾਰ ਨੂੰ 1,292 ਸੀ ਜਦੋਂ ਕਿ ਸ਼ਨੀਵਾਰ ਨੂੰ ਇਹ ਘੱਟ ਕੇ 867 ਰਹਿ ਗਈ ।